Panjab University election: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅੱਜ ਵਿਦਿਆਰਥੀ ਕਾਊਂਸਲ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਇਸ ਸਬੰਧੀ ਪੀਯੂ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਪੱਖੋਂ ਚੰਡੀਗੜ੍ਹ ਪੁਲਿਸ ਤੇ ਸਕਿਉਰਿਟੀ ਵਿੰਗ ਪੂਰੀ ਤਰ੍ਹਾਂ ਚੌਕਸ ਹੈ। ਡੀਐਸਡਬਲਿਊ ਦਫ਼ਤਰ ਮੁਤਾਬਕ ਵੋਟਰ ਵਿਦਿਆਰਥੀਆਂ ਨੂੰ ਸਵੇਰੇ 9.30 ਵਜੇ ਸਬੰਧਤ ਪੋਲਿੰਗ ਕਮਰਿਆਂ ਵਿੱਚ ਪਹੁੰਚਣ ਲਈ ਕਿਹਾ ਗਿਆ ਹੈ। ਹਰੇਕ ਕਮਰੇ ਵਿੱਚ ਇੰਚਾਰਜ ਅਧਿਆਪਕਾਂ ਨੂੰ ਕਿਹਾ ਗਿਆ ਹੈ ਕਿ ਉਹ ਵੋਟਿੰਗ ਸਬੰਧੀ ਹਦਾਇਤਾਂ ਪੜ੍ਹ ਕੇ ਸੁਣਾਉਣ।
ਡੀਐਸਡਬਲਿਊ ਦੀਆਂ ਹਦਾਇਤਾਂ ਮੁਤਾਬਕ ਜੇਕਰ ਕੋਈ ਵਿਦਿਆਰਥੀ ਟ੍ਰੈਫਿਕ ਜਾਮ ਜਾਂ ਕਿਸੇ ਹੋਰ ਕਾਰਨ ਕਰਕੇ ਗੇਟਾਂ ’ਤੇ ਖੜ੍ਹਾ ਹੈ ਤਾਂ ਉਸ ਨੂੰ ਸਵੇਰੇ 10.15 ਵਜੇ ਤੱਕ ਪੋਲਿੰਗ ਰੂਮ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਉਸ ਤੋਂ ਇਲਾਵਾ ਹੋਰ ਕਿਸੇ ਵੀ ਸਥਿਤੀ ਵਿੱਚ ਸਵੇਰੇ 10.15 ਵਜੇ ਤੋਂ ਬਾਅਦ ਪੋਲਿੰਗ ਰੂਮ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕੋਈ ਵੀ ਵਿਦਿਆਰਥੀ ਸਵੇਰੇ 9.30 ਵਜੇ ਤੋਂ ਬਾਅਦ ਵਿਭਾਗ ਦੇ ਆਲੇ-ਦੁਆਲੇ ਘੁੰਮਦਾ ਪਾਇਆ ਗਿਆ ਤਾਂ ਵੀ ਉਸ ਨੂੰ ਪੋਲਿੰਗ ਰੂਮ ਵਿੱਚ ਦਾਖ਼ਲ ਹੋਣ ਦੀ ਆਗਿਆ ਨਹੀਂ ਹੋਵੇਗੀ।
ਪੰਜਾਬ ਯੂਨੀਵਰਸਿਟੀ ’ਚ ਅੱਜ ਹੋਣ ਵਾਲੀਆਂ ਵਿਦਿਆਰਥੀ ਚੋਣਾਂ ਨੂੰ ਸ਼ਾਂਤਮਈ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੰਡੀਗੜ੍ਹ ਪੁਲਿਸ ਚੌਕਸ ਹੈ। ਪੁਲਿਸ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਸ਼ਹਿਰ ਵਿੱਚ 1200 ਤੋਂ ਵੱਧ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ। ਇਸ ਮੌਕੇ ਚੰਡੀਗੜ੍ਹ ਪੁਲਿਸ ਦੇ 12 ਡੀਐਸਪੀ, 12 ਐਸਐਚਓ, 18 ਇੰਸਪੈਕਟਰ ਤੇ ਹੋਰ ਮੁਲਾਜ਼ਮ ਵੀ ਵੱਖ-ਵੱਖ ਥਾਵਾਂ ’ਤੇ ਤਾਇਨਾਤ ਰਹਿਣਗੇ।
ਚੋਣਾਂ ਵਾਸਤੇ ਪ੍ਰਧਾਨਗੀ ਦੇ ਅਹੁਦੇ ਲਈ ਵੱਖ-ਵੱਖ ਪਾਰਟੀਆਂ ਦੇ ਕੁੱਲ ਨੌਂ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਪ੍ਰਧਾਨਗੀ ਲਈ ਸੀਵਾਈਐਸਐਸ ਤੋਂ ਦਿਵਿਆਂਸ਼ ਠਾਕੁਰ, ਪੁਸੂ ਤੋਂ ਦਵਿੰਦਰਪਾਲ ਸਿੰਘ, ਐਨਐਸਯੂਆਈ ਤੋਂ ਜਤਿੰਦਰ ਸਿੰਘ, ਪੀਐਸਯੂ ਲਲਕਾਰ ਤੋਂ ਮਨਿਕਾ ਛਾਬੜਾ, ਐਚਐਸਏ ਤੋਂ ਕੁਲਦੀਪ ਸਿੰਘ, ਐਸਐਫਐਸ ਤੋਂ ਪ੍ਰਤੀਕ ਕੁਮਾਰ, ਏਬੀਵੀਪੀ ਤੋਂ ਰਾਕੇਸ਼ ਦੇਸ਼ਵਾਲ, ਐੱਸਓਆਈ ਤੋਂ ਯੁਵਰਾਜ ਗਰਗ ਤੇ ਇੱਕ ਅਜ਼ਾਦ ਉਮੀਦਵਾਰ ਸਕਸ਼ਮ ਸਿੰਘ ਚੋਣ ਮੈਦਾਨ ਵਿੱਚ ਹਨ।
ਇਸ ਤੋਂ ਇਲਾਵਾ ਮੀਤ ਪ੍ਰਧਾਨ, ਸਕੱਤਰ ਅਤੇ ਜੁਆਇੰਟ ਸਕੱਤਰ ਦੇ ਅਹੁਦਿਆਂ ਲਈ ਚਾਰ-ਚਾਰ ਉਮੀਦਵਾਰ ਚੋਣ ਲੜਨਗੇ। ਵੋਟਾਂ ਵਾਲੇ ਦਿਨ ਕੈਂਪਸ ਵਿੱਚ 179 ਬੂਥਾਂ ’ਤੇ ਸੈਕਟਰ 14 ਤੇ 25 ਸਥਿਤ ਦੋਵੇਂ ਕੈਂਪਸਾਂ ਦੇ ਕੁੱਲ 15,693 ਵਿਦਿਆਰਥੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਕਾਊਂਸਲ ਚੋਣ ਤੋਂ ਇਲਾਵਾ ਪੀਯੂ ਦੇ 40 ਵਿਭਾਗਾਂ ਵਿੱਚ 58 ਡਿਪਾਰਟਮੈਂਟਲ ਰੀਪ੍ਰੈਜ਼ੈਂਟੇਟਿਵ (ਡੀਆਰਜ਼) ਨਿਰਵਿਰੋਧ ਚੁਣੇ ਜਾ ਚੁੱਕੇ ਹਨ ਜਦਕਿ ਬਾਕੀ ਰਹਿੰਦੇ 29 ਵਿਭਾਗਾਂ ਵਿੱਚ 68 ਡੀ.ਆਰਜ਼. ਦੀ ਚੋਣ ਲਈ ਵੋਟਿੰਗ ਹੋਵੇਗੀ।