Rajya Sabha member Sandeep Pathak - ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਹਰਿਆਣਾ 'ਚ ਦਿੱਤੇ ਇੱਕ ਬਿਆਨ ਨੇ ਪੰਜਾਬ ਵਿੱਚ ਸਿਆਸੀ ਹੜ੍ਹ ਲਿਆ ਦਿੱਤਾ ਹੈ। ਦਰਅਸਲ ਹਰਿਆਣਾ ਦੇ ਕਰਨਾਲ ਵਿੱਚ ਪਹੁੰਚੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ SYL ਮੁੱਦੇ 'ਤੇ ਇੱਕ ਬਿਆਨ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ SYL ਨਹਿਰ 'ਚੋਂ ਹਰਿਆਣਾ ਨੂੰ ਉਸ ਦਾ ਹਿੱਸਾ ਮਿਲਣਾ ਚਾਹੀਦਾ ਹੈ ਅਤੇ ਪੰਜਾਬ ਨੂੰ ਵੀ ਉਸ ਦਾ ਆਪਣਾ ਹਿੱਸਾ। ਸੰਦੀਪ ਪਾਠਕ ਨੇ ਕਿਹਾ ਸੀ ਕਿ SYL  ਸਿਰਫ਼ ਇੱਕ ਸਿਆਸੀ ਮੁੱਦਾ ਹੈ। ਜਦੋਂ ਚੋਣਾਂ ਨਜ਼ੀਦਕ ਆਉਂਦੀਆਂ ਹਨ ਤਾਂ ਇਸ ਮੁੱਦੇ 'ਤੇ ਸਿਆਸਤ ਕਰਨ ਸ਼ੁਰੂ ਕਰ ਦਿੱਤੀ ਜਾਂਦੀ ਹੈ। 



ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ।  ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ - ''ਆਪ ਆਗੂ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਸਪਸ਼ਟ ਹਨ ਕਿ ਹਰਿਆਣਾ ਨੂੰ ਐਸ ਵਾਈ ਐਲ ਰਾਹੀਂ ਪਾਣੀ ਮਿਲਣਾ ਚਾਹੀਦਾ ਹੈ। ਆਪ ਹਰਿਆਣਾ ਦੇ ਮੁਖੀ ਸੁਸ਼ੀਲ ਗੁਪਤਾ ਵੀ ਨਾਲ ਨਜ਼ਰ ਆ ਰਹੇ ਹਨ ਜਿਹਨਾਂ ਨੇ ਪਹਿਲਾਂ ਗਰੰਟੀ ਦਿੱਤੀ ਸੀ ਕਿ ਹਰਿਆਣਾ ਵਿਚ ਆਪ ਸਰਕਾਰ ਬਣਨ ’ਤੇ ਐਸ ਵਾਈ ਐਲ ਦਾ ਪਾਣੀ ਸੂਬੇ ਦੇ ਹਰ ਕੋਨੇ ਵਿਚ ਪਹੁੰਚਾਇਆ ਜਾਵੇਗਾ। ਕੀ ਮੁੱਖ ਮੰਤਰੀ ਹੁਣ ਆਪਣੇ ਹੀ ਐਮ ਪੀ ਦੇ ਬਿਆਨ ’ਤੇ ਆਪਣੀ ਚੁੱਪੀ ਤੋੜਨਗੇ ? 


ਕੀ ਉਹ ਉਹਨਾਂ ਨੂੰ ਪਾਰਟੀ ਵਿਚੋਂ ਸਸਪੈਂਡ ਕਰਨ ਦੀ ਮੰਗ ਕਰਨਗੇ ? ਜਾਂ ਫਿਰ ਸਿਰਫ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਦਬਾਅ ਅੱਗੇ ਚੁੱਪੀ ਵੱਟ ਕੇ ਰੱਖਣਗੇ। ਭਗਵੰਤ ਮਾਨ ਤੁਸੀਂ ਰਾਜ ਸਭਾ ਲਈ ਅਜਿਹੇ ਮੈਂਬਰ ਨਾਮਜ਼ਦ ਕੀਤੇ ਹਨ ਜੋ ਪੰਜਾਬ ਦੇ ਖਰਚੇ ’ਤੇ ਹਰਿਆਣਾ ਤੇ ਹੋਰ ਥਾਵਾਂ ’ਤੇ ਆਪ ਦੇ ਪਸਾਰ ਵਾਸਤੇ ਕੰਮ ਕਰ ਰਹੇ ਹਨ। ਸਾਰੇ ਪੰਜਾਬ ਵਿਰੋਧੀ ਆਗੂ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੀਆਂ ਹਦਾਇਤਾਂ ’ਤੇ ਰਲ ਕੇ ਕੰਮ ਕਰ ਰਹੇ ਹਨ। ਭਗਵੰਤ ਮਾਨ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ...ਦਿੱਲੀ ਲਈ ਕੰਮ ਕਰਨਾ ਬੰਦ ਕਰੋ ਤੇ ਪੰਜਾਬ ਤੇ ਪੰਜਾਬੀਆਂ ਵਾਸਤੇ ਕੰਮ ਕਰਨਾ ਸ਼ੁਰੂ ਕਰੋ।