Chandigarh News: ਚੰਡੀਗੜ੍ਹ ਨਗਰ ਨਿਗਮ ਦੀਆਂ ਮੇਅਰ ਚੋਣਾਂ ਵਿੱਚ ਆਮ ਆਦਮੀ ਪਾਰਟੀ (AAP) ਤੇ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਨੇ ਮੇਅਰ ਦੀ ਚੋਣ ਜਿੱਤ ਲਈ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਚੋਣਾਂ ਵਿੱਚ ਕਰਾਸ ਵੋਟਿੰਗ ਕੀਤੀ ਹੈ।

ਭਾਜਪਾ ਉਮੀਦਵਾਰ ਨੂੰ 19 ਵੋਟਾਂ ਮਿਲੀਆਂ, ਜੋ ਕਿ ਬਹੁਮਤ ਦਾ ਅੰਕੜਾ ਹੈ। ਕੁੱਲ 36 ਵੋਟਾਂ ਪਈਆਂ। ਭਾਜਪਾ ਕੋਲ 16 ਕੌਂਸਲਰ ਹਨ, ਅਜਿਹੀ ਸਥਿਤੀ ਵਿੱਚ 'ਆਪ'-ਕਾਂਗਰਸ ਦੇ ਤਿੰਨ ਕੌਂਸਲਰਾਂ ਨੇ ਕਰਾਸ ਵੋਟਿੰਗ ਕੀਤੀ। ਚੰਡੀਗੜ੍ਹ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੇ 13 ਅਤੇ ਕਾਂਗਰਸ ਦੇ 6 ਕੌਂਸਲਰ ਹਨ। 

ਇਸ ਜਿੱਤ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਜਿੱਤ ਦੀ ਵਧਾਈ ਦਿੱਤੀ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਬਲਾ ਪਰਿਵਾਰ ਨਾਲ ਮੇਰੀ 30 ਸਾਲ ਪੁਰਾਣੀ ਸਾਂਝ ਹੈ। ਅੱਜ ਖ਼ੁਸ਼ੀ ਹੈ ਕਿ ਜਦੋਂ ਭਾਜਪਾ ਨੇ ਪੰਜਾਬ ਦੀ ਰਾਜਧਾਨੀ ਜਿੱਤ ਲਈ ਤਾਂ ਹੁਣ ਅਗਲੀ ਵਾਰ ਪੰਜਾਬ ਦੀ ਹੈ। ਚੰਡੀਗੜ੍ਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਕਾਸ ਵਾਲੀ ਸੋਚ ਉੱਤੇ ਮੋਹਰ ਲਾਈ ਹੈ। ਅੱਜ ਭਾਰਤੀ ਜਨਤਾ ਪਾਰਟੀ ਦੀ ਜਿੱਤ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਇਸ ਜਿੱਤ ਦੀ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਬਹੁਤ ਮੁਬਾਰਕ।

ਜ਼ਿਕਰ ਕਰ ਦਈਏ ਕਿ  ਸਦਨ ਵਿੱਚ ਕੁੱਲ 35 ਕੌਂਸਲਰ ਸਨ, ਜਦੋਂ ਕਿ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਕੋਲ ਵੀ ਇੱਕ ਵੋਟ ਸੀ। 'ਆਪ'-ਕਾਂਗਰਸ ਗੱਠਜੋੜ ਕੋਲ ਬਹੁਮਤ ਹੋਣ ਦੇ ਬਾਵਜੂਦ, ਭਾਜਪਾ ਨੇ ਮੇਅਰ ਦੀ ਚੋਣ ਜਿੱਤ ਲਈ ਹੈ। ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਪ੍ਰੇਮ ਲਤਾ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਉਸਦਾ ਮੁਕਾਬਲਾ ਹਰਪ੍ਰੀਤ ਕੌਰ ਬਬਲਾ ਨਾਲ ਸੀ। ਪ੍ਰੇਮ ਲਤਾ ਨੂੰ 17 ਵੋਟਾਂ ਮਿਲੀਆਂ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਵੀ ਚੰਡੀਗੜ੍ਹ ਮੇਅਰ ਚੋਣਾਂ ਦੌਰਾਨ ਬਹੁਤ ਹੰਗਾਮਾ ਹੋਇਆ ਸੀ ਫਿਰ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। 20 ਫਰਵਰੀ, 2024 ਨੂੰ ਸੁਪਰੀਮ ਕੋਰਟ ਨੇ ਚੋਣ ਅਧਿਕਾਰੀ ਅਨਿਲ ਮਸੀਹ ਦੇ ਆਚਰਣ 'ਤੇ ਸਖ਼ਤ ਟਿੱਪਣੀਆਂ ਕੀਤੀਆਂ ਸਨ ਤੇ ਚੋਣ ਨਤੀਜੇ ਨੂੰ ਉਲਟਾ ਦਿੱਤਾ ਸੀ। ਅਨਿਲ ਮਸੀਹ ਨੇ 'ਆਪ'-ਕਾਂਗਰਸ ਦੀਆਂ ਅੱਠ ਵੋਟਾਂ ਰੱਦ ਕਰ ਦਿੱਤੀਆਂ ਸਨ, ਇਸ ਤਰ੍ਹਾਂ ਭਾਜਪਾ ਉਮੀਦਵਾਰ ਜਿੱਤ ਗਿਆ। ਇਸ ਤੋਂ ਬਾਅਦ ਅਦਾਲਤ ਨੇ ਫੈਸਲਾ ਪਲਟ ਦਿੱਤਾ। ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਮੇਅਰ ਐਲਾਨਿਆ ਗਿਆ। ਅਦਾਲਤ ਨੇ ਮੰਨਿਆ ਕਿ ਕੁਲਦੀਪ ਕੁਮਾਰ ਨੂੰ ਪਾਈਆਂ ਗਈਆਂ 8 ਵੋਟਾਂ ਨੂੰ ਗਲਤੀ ਨਾਲ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਸੀ।