Chandigarh News: ਠੰਢ ਦੇ ਕਹਿਰ ਨੂੰ ਵੇਖਦਿਆਂ ਪੰਚਕੂਲਾ ਵਿੱਚ 28 ਜਨਵਰੀ ਤੱਕ ਸਕੂਲ ਬੰਦ ਰਹਿਣਗੇ। ਸਿੱਖਿਆ ਵਿਭਾਗ ਨੇ ਪੰਜਵੀਂ ਜਮਾਤ ਤੱਕ ਦੇ ਸਕੂਲਾਂ ਨੂੰ 28 ਤੱਕ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੱਤਪਾਲ ਕੌਸ਼ਿਕ ਨੇ ਦੱਸਿਆ ਕਿ ਠੰਢ ਦੇ ਮੱਦੇਨਜ਼ਰ 28 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਅਜਿਹੇ ’ਚ ਸਕੂਲ 29 ਜਨਵਰੀ ਨੂੰ ਖੁੱਲ੍ਹਣਗੇ।
ਦੱਸ ਦਈਏ ਕਿ ਪੰਚਕੂਲਾ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਠੰਢ ਵਧ ਗਈ ਹੈ। ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਨੇ ਹੋਰ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਦਿਨ ਵੇਲੇ ਵੀ ਠੰਢ ਕਾਰਨ ਲੋਕ ਕੰਬ ਰਹੇ ਹਨ। ਠੰਢ ਦੇ ਕਹਿਰ ਦੇ ਮੱਦੇਨਜ਼ਰ ਸਿੱਖਿਆ ਡਾਇਰੈਕਟੋਰੇਟ ਨੇ ਛੁੱਟੀਆਂ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ। ਪੰਜਵੀਂ ਜਮਾਤ ਤੱਕ ਦੇ ਬੱਚਿਆਂ ਲਈ ਸਕੂਲ 29 ਜਨਵਰੀ ਤੋਂ ਖੁੱਲ੍ਹਣਗੇ।
ਇਹ ਵੀ ਪੜ੍ਹੋ : Bank Holiday: ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਅੱਜ ਤੋਂ ਚਾਰ ਦਿਨ ਬੈਂਕ ਰਹਿਣਗੇ ਬੰਦ, ਜ਼ੂਰਰੀ ਕੰਮ ਲਈ ਜਾਣ ਤੋਂ ਪਹਿਲਾਂ ਫਟਾਫਟ ਚੈੱਕ ਕਰੋ Holiday List
ਉਧਰ, ਪੰਜਾਬ ਵਿੱਚ ਵੀ ਸਕੂਲਾਂ ਦਾ ਸਮਾਂ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਹੱਡ-ਚੀਰਵੀਂ ਠੰਢ ਦੇ ਮੌਸਮ ਵਿੱਚ ਵਿਦਿਆਰਥੀਆਂ ਦੀ ਸਿਹਤ ਤੇ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2.30 ਵਜੇ ਤਕ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਇਸ ਸਾਲ ਪੰਜਾਬ ਸਣੇ ਪੂਰੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਸਰਦੀ ਪੈ ਰਹੀ ਹੈ। ਇਸ ਕਾਰਨ ਕਈ ਦਿਨਾਂ ਤੋਂ ਸੂਰਜ ਨਾ ਨਿਕਲਣ ਕਾਰਨ ਧੁੰਦ, ਕੋਰਾ ਤੇ ਸੀਤ-ਲਹਿਰ ਦਾ ਕਹਿਰ ਸਿਖ਼ਰਾਂ ’ਤੇ ਹੈ।
ਉਨ੍ਹਾਂ ਨੇ ਕਿਹਾ ਕਿ ਇੰਨੀ ਜ਼ਿਆਦਾ ਠੰਢ ਤੇ ਧੁੰਦ ਨੇ ਬੱਚਿਆਂ ਹੀ ਨਹੀਂ ਸਗੋਂ ਵੱਡਿਆਂ ਨੂੰ ਵੀ ਹਾਲੋਂ-ਬੇਹਾਲ ਕੀਤਾ ਹੋਇਆ ਹੈ। ਇਸ ਮੌਸਮ ਵਿੱਚ ਬੱਚਿਆਂ ਦਾ ਸਵੇਰੇ ਤਿਆਰ ਹੋ ਕੇ ਸਕੂਲ ਪੁੱਜਣਾ ਮੁਸ਼ਕਲ ਹੋਇਆ ਪਿਆ ਹੈ। ਇਸ ਲਈ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾਏ। ਇਸ ਦੇ ਨਾਲ ਹੀ ਮਾਪੇ ਵੀ ਸਰਕਾਰ ਤੋਂ ਸਮਾਂ ਤਬਦੀਲ ਕਰਨ ਦੀ ਮੰਗ ਕਰ ਰਹੇ ਹਨ।