Chandigarh News: ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਸਿੱਖ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਹੈ। ਠੰਢ ਤੇ ਬਾਰਸ਼ ਦੇ ਬਾਵਜੂਦ ਲੋਕਾਂ ਦੇ ਹੌਸਲੇ ਬੁਲੰਦ ਹਨ। 


'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਐਤਵਾਰ ਨੂੰ ਆਪਣੇ ਸੈਂਕੜੇ ਸਮਰਥਕਾਂ ਦੇ ਕਾਫ਼ਲੇ ਨਾਲ ਪੱਕੇ ਮੋਰਚੇ ਵਿੱਚ ਪਹੁੰਚੇ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਸਮੇਂ ਦੀਆਂ ਸਰਕਾਰਾਂ ਤੇ ਅਦਾਲਤਾਂ ਤੋਂ ਇਨਸਾਫ਼ ਦੀ ਆਸ ਨਹੀਂ ਰੱਖਣੀ ਚਾਹੀਦੀ ਬਲਕਿ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਸਾਂਝੀ ਲੜਾਈ ਲੜਨੀ ਚਾਹੀਦੀ ਹੈ।


ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੇਸ਼ ਵਿੱਚ ਸਿੱਖਾਂ ਲਈ ਵੱਖਰੇ ਕਾਨੂੰਨ ਬਣਾਏ ਗਏ ਹਨ ਜਦੋਂ ਕਿ ਹੁਕਮਰਾਨਾਂ ਦੇ ਆਪਣੇ ਚਹੇਤਿਆਂ ਲਈ ਵੱਖਰੇ ਕਾਨੂੰਨ ਹਨ। 


ਇਸ ਮੌਕੇ ਬਾਪੂ ਗੁਰਚਰਨ ਸਿੰਘ, ਭਾਈ ਜਸਵਿੰਦਰ ਸਿੰਘ ਰਾਜਪੁਰਾ, ਬਲਵਿੰਦਰ ਸਿੰਘ, ਵਕੀਲ ਦਿਲਸ਼ੇਰ ਸਿੰਘ, ਅਮਰ ਸਿੰਘ ਚਾਹਲ, ਗੁਰਸ਼ਰਨ ਸਿੰਘ, ਪਾਲ ਸਿੰਘ ਫਰਾਂਸ, ਰੁਪਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।


ਆਖਰ ਕਿਉਂ ਨਹੀਂ ਲਾਇਆ ਜਾ ਰਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੱਕਾ ਜਥੇਦਾਰ?


ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੱਕਾ ਜਥੇਦਾਰ ਨਾ ਲਾਉਣ ਉੱਪਰ ਸਵਾਲ ਉੱਠਣ ਲੱਗੇ ਹਨ। ਲੰਬੇ ਸਮੇਂ ਤੋਂ ਗਿਆਨੀ ਹਰਪ੍ਰੀਤ ਸਿੰਘ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਅਹੁਦਾ ਸੰਭਾਲ ਰਹੇ ਹਨ। ਇਹ ਮਾਮਲਾ ਕਈ ਵਾਰ ਉੱਠਿਆ ਹੈ ਪਰ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਇਹ ਵੀ ਅਹਿਮ ਹੈ ਕਿ ਪੰਜਾਬ ਅੰਦਰ ਤਿੰਨ ਤਖਤ ਸਾਹਿਬ ਹਨ ਪਰ ਕਾਫੀ ਸਮੇਂ ਤੋਂ ਦੋ ਜਥੇਦਾਰ ਹੀ ਸੇਵਾ ਸੰਭਾਲ ਰਹੇ ਹਨ।


ਹੁਣ ਵਿਰੋਧੀ ਧਿਰ ਦੇ ਅੰਤਰਿੰਗ ਕਮੇਟੀ ਮੈਂਬਰਾਂ ਨੇ ਪੰਥਕ ਮਾਮਲਿਆਂ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਪੱਤਰ ਵਿੱਚ ਸ੍ਰੀ ਅਕਾਲ ਤਖ਼ਤ ਦਾ ਪੱਕਾ ਜਥੇਦਾਰ ਤੇ ਸ੍ਰੀ ਹਰਿਮੰਦਰ ਸਾਹਿਬ ਦਾ ਪੱਕਾ ਹੈੱਡ ਗ੍ਰੰਥੀ ਨਾ ਹੋਣ, ਸ੍ਰੀ ਅਕਾਲ ਤਖ਼ਤ ਦੇ ਦੋ ਹੈੱਡ ਗ੍ਰੰਥੀ ਤੇ ਪੰਜਾਬ ਵਿਚਲੇ ਤਿੰਨ ਤਖ਼ਤਾਂ ਦੇ ਦੋ ਜਥੇਦਾਰ ਹੋਣ ’ਤੇ ਸਖਤ ਇਤਰਾਜ਼ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇਸ ਵਰਤਾਰੇ ਨੂੰ ਪਰੰਪਰਾ ਤੇ ਸਿਧਾਂਤਾਂ ਦੇ ਖ਼ਿਲਾਫ਼ ਦੱਸਿਆ ਹੈ।