Chandigarh News: ਸਵਾਲ ਉੱਠ ਰਿਹਾ ਹੈ ਕਿ ਭਵਿੱਖ ਵਿੱਚ ਚੰਡੀਗੜ੍ਹ 'ਚ ਪੈਟਰੋਲ ਵਾਲੇ ਦੋ ਪਹੀਆ ਵਾਹਨ ਨਹੀਂ ਚੱਲਣਗੇ? ਚੰਡੀਗੜ੍ਹ ਪ੍ਰਸ਼ਾਸਨ ਦੀ ਇਲੈਕਟ੍ਰਿਕ ਵਹੀਕਲ ਪਾਲਸੀ ਜਾਰੀ ਹੋਣ ਮਗਰੋਂ ਲੋਕਾਂ ਤੇ ਵਾਹਨ ਡੀਲਰਾਂ ਅੰਦਰ ਸਹਿਮ ਹੈ। ਉਧਰ, ਯੂਟੀ ਅੰਦਰ ਗੈਰ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਬੰਦ ਕਰਨ ਮਗਰੋਂ ਇਹ ਮਾਮਲਾ ਹਾਈਕੋਰਟ ਪਹੁੰਚ ਗਿਆ ਹੈ। 



ਦਰਅਸਲ ਚੰਡੀਗੜ੍ਹ ਪ੍ਰਸ਼ਾਸਨ ਦੀ ਇਲੈਕਟ੍ਰਿਕ ਵਹੀਕਲ ਪਾਲਸੀ, 2022 ਤੇ ਆਰਐਲਏ (ਰਜਿਸਟਰਿੰਗ ਤੇ ਲਾਇਸੈਂਸਿੰਗ ਅਥਾਰਟੀ) ਚੰਡੀਗੜ੍ਹ ਵੱਲੋਂ ਪਿਛਲੇ ਦਿਨੀਂ ਗੈਰ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਬੰਦ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸੀ। ਹੁਣ ਇਸ ਮਾਮਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। 



ਇਹ ਚੁਣੌਤੀ ਚੰਡੀਗੜ੍ਹ ਦੇ ਆਟੋਮੋਬਾਈਲ ਡੀਲਰਾਂ ਦੀ ਨੁਮਾਇੰਦਗੀ ਕਰਨ ਵਾਲੀ ਫੈਡਰੇਸ਼ਨ ਆਫ਼ ਆਟੋਮੋਬਾਈਲ ਡੀਲਰਜ਼ ਆਫ਼ ਇੰਡੀਆ ਨੇ ਦਿੱਤੀ ਹੈ। ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਯੂਟੀ ਦੀ ਇਲੈਕਟ੍ਰਿਕ ਵਹੀਕਲ ਪਾਲਸੀ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਸੀਨੀਅਰ ਐਡਵੋਕੇਟ ਅਮਿਤ ਝਾਂਜੀ, ਗੁਰਪ੍ਰਤਾਪ ਸਿੰਘ ਭੁੱਲਰ, ਨਿਕਿਤਾ ਗਰਗ ਤੇ ਸਚਿਨ ਸਿੰਗਲਾ ਨੇ ਰਾਹੀਂ ਦਾਇਰ ਕੀਤੀ ਗਈ ਹੈ। 


ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਯੂਟੀ ਪ੍ਰਸ਼ਾਸਨ ਨੇ 10 ਫਰਵਰੀ 2022 ਨੂੰ ਨਵੀਂ ਇਲੈਕਟ੍ਰਿਕ ਪਾਲਸੀ ਜਾਰੀ ਕੀਤੀ ਸੀ, ਜੋ ਚੰਡੀਗੜ੍ਹ ਰੀਨਿਊਏਬਲ ਐਨਰਜੀ ਸਾਇੰਸ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਇਸ ਪਾਲਸੀ ਵਿੱਚ ਯੂਟੀ ਪ੍ਰਸ਼ਾਸਨ ਨੇ ਆਉਂਦੇ ਸਾਲਾਂ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਰਜਿਸਟਰੇਸ਼ਨ ਲਈ ਟੀਚੇ ਨਿਰਧਾਰਿਤ ਕੀਤੇ ਸਨ, ਜਿਸ ਦਾ ਵਿਰੋਧ ਕੀਤਾ ਗਿਆ ਹੈ। 



ਫੈਡਰੇਸ਼ਨ ਨੇ ਆਪਣੀ ਪਟੀਸ਼ਨ ਵਿੱਚ ਆਰਐਲਏ ਵੱਲੋਂ 8 ਫਰਵਰੀ ਨੂੰ ਜਾਰੀ ਕੀਤੇ ਆਦੇਸ਼ਾਂ ਦਾ ਵਿਰੋਧ ਕੀਤਾ। ਇਨ੍ਹਾਂ ਆਦੇਸ਼ਾਂ ਰਾਹੀਂ ਯੂਟੀ ਪ੍ਰਸ਼ਾਸਨ ਨੇ 10 ਫਰਵਰੀ ਤੋਂ ਬਾਅਦ ਚੰਡੀਗੜ੍ਹ ਵਿੱਚ ਪੈਟਰੋਲ ਵਾਲੇ ਦੋ ਪਹੀਆਂ ਵਾਹਨਾਂ ਦੀ ਰਜਿਸਟੇਸ਼ਨ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਸ਼ਹਿਰ ਵਿੱਚ ਪੈਟਰੋਲ ਵਾਲੇ ਦੋ ਪਹੀਆ ਵਾਹਨਾਂ ’ਤੇ ਪਾਬੰਦੀ ਨਹੀਂ ਲਗਾ ਸਕਦਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।