Chandigarh Mayor Election: ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲੇਗਾ। ਲੰਬੇ ਸਮੇਂ ਮਗਰੋਂ ਬੀਜੇਪੀ ਦੀ ਸਾਖ ਦਾਅ 'ਤੇ ਲੱਗੀ ਹੈ। ਮੇਅਰ ਦੇ ਅਹੁਦੇ ਦੀ ਚੋਣ ਲਈ ‘ਆਪ’-ਕਾਂਗਰਸ ਗੱਠਜੋੜ ਵੱਲੋਂ ਕੁਲਦੀਪ ਟੀਟਾ ਤੇ ਭਾਜਪਾ ਵੱਲੋਂ ਮਨੋਜ ਸੋਨਕਰ ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ‘ਆਪ’-ਕਾਂਗਰਸ ਗੱਠਜੋੜ ਦੇ ਗੁਰਪ੍ਰੀਤ ਸਿੰਘ ਗਾਬੀ ਤੇ ਭਾਜਪਾ ਦੇ ਕੁਲਜੀਤ ਸੰਧੂ ਤੇ ਡਿਪਟੀ ਮੇਅਰ ਦੇ ਅਹੁਦੇ ਲਈ ‘ਆਪ’-ਕਾਂਗਰਸ ਗੱਠਜੋੜ ਦੀ ਨਿਰਮਲਾ ਦੇਵੀ ਤੇ ਭਾਜਪਾ ਦੇ ਰਾਜਿੰਦਰ ਸ਼ਰਮਾ ਵਿਚਾਲੇ ਮੁਕਾਬਲਾ ਹੋਵੇਗਾ।
‘ਆਪ’-ਕਾਂਗਰਸ ਵਿਚਾਲੇ ਗੱਠਜੋੜ ਤੋਂ ਪਹਿਲਾਂ ਜਿੱਥੇ ਭਾਜਪਾ ਖੇਮੇ ਵੱਲੋਂ ਆਪਣੇ ਉਮੀਦਵਾਰ ਦੀ ਜਿੱਤ ਦਾ ਜਸ਼ਨ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ, ਉੱਥੇ ਹੀ ‘ਆਪ’ ਤੇ ਕਾਂਗਰਸ ਵਿਚਾਲੇ ਅਚਾਨਕ ਹੋਏ ਸਮਝੌਤੇ ਤੋਂ ਬਾਅਦ ਮੇਅਰ ਚੋਣ ਦੇ ਸਮੀਕਰਨ ਬਦਲ ਗਏ ਹਨ। ਇਸ ਵਾਰ ‘ਆਪ’-ਕਾਂਗਰਸ ਗੱਠਜੋੜ ਹੋਣ ਕਰਕੇ ਬੀਜੇਪੀ ਦੀ ਹਾਲਤ ਮਾੜੀ ਹੈ।
ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਕੁੱਲ 35 ਕੌਂਸਲਰ ਹਨ। ਇਨ੍ਹਾਂ 35 ਕੌਂਸਲਰਾਂ ਦੀਆਂ ਵੋਟਾਂ ਤੋਂ ਇਲਾਵਾ ਮੇਅਰ ਦੀ ਚੋਣ ਵਿੱਚ ਸੰਸਦ ਮੈਂਬਰ ਦੀ ਇੱਕ ਵੋਟ ਵੀ ਜੁੜਦੀ ਹੈ। ਨਿਗਮ ਵਿੱਚ ਭਾਜਪਾ ਦੇ 14, ‘ਆਪ’ ਦੇ 13, ਕਾਂਗਰਸ ਦੇ 7 ਤੇ ਅਕਾਲੀ ਦਲ ਦਾ ਇੱਕ ਕੌਂਸਲਰ ਹੈ। ਭਾਜਪਾ ਕੋਲ 14 ਕੌਂਸਲਰਾਂ ਤੋਂ ਇਲਾਵਾ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਦੀ ਵੀ ਇੱਕ ਵੋਟ ਹੈ। ਤਾਜ਼ਾ ਸਥਿਤੀ ਅਨੁਸਾਰ ‘ਆਪ’ ਤੇ ਕਾਂਗਰਸ ਗੱਠਜੋੜ ਦੇ ਕੌਂਸਲਰਾਂ ਦੀਆਂ ਵੋਟਾਂ ਮਿਲ ਕੇ 20 ਹੋ ਗਈਆਂ ਹਨ ਤੇ ਦੂਜੇ ਪਾਸੇ ਭਾਜਪਾ ਕੋਲ ਸਿਰਫ਼ 15 ਵੋਟਾਂ ਹਨ।
ਮੇਅਰ ਚੋਣਾਂ ਲਈ ਚੰਡੀਗੜ੍ਹ ਪੁਲਿਸ ਵੱਲੋਂ ਨਿਗਮ ਭਵਨ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਨਗਰ ਨਿਗਮ ਭਵਨ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਤੇ ਨਿਗਮ ਹਾਊਸ ਵਿੱਚ ਵੀ ਕੌਂਸਲਰਾਂ ਤੇ ਮੀਡੀਆ ਤੋਂ ਇਲਾਵਾ ਸਿਰਫ਼ ਪਾਸ ਹੋਲਡਰਾਂ ਨੂੰ ਹੀ ਦਾਖ਼ਲ ਹੋਣ ਦਿੱਤਾ ਜਾਵੇਗਾ। ਨਿਗਮ ਭਵਨ ਦੇ ਬਾਹਰ ਤੇ ਅੰਦਰ ਪੁਲਿਸ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹਨ। ਨਗਰ ਨਿਗਮ ਭਵਨ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਨੂੰ ਫਟਕਣ ਨਹੀਂ ਦਿੱਤਾ ਜਾ ਰਿਹਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।