Chandigarh News : ਆਮ ਆਦਮੀ ਪਾਰਟੀ (ਆਪ) ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਪੂਰਤੀ 'ਤੇ ਜਤਾਈ ਚਿੰਤਾ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵੀਰਵਾਰ ਨੂੰ ਪਾਰਟੀ ਦਫ਼ਤਰ ਤੋਂ ਇੱਕ ਪ੍ਰੈਸ ਕਾਨਫਰੰਸ ਰਾਹੀਂ ਪਾਰਟੀ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ, ਬੁਲਾਰੇ ਨੀਲ ਗਰਗ ਅਤੇ ਗਗਨਦੀਪ ਸਿੰਘ ਨੇ ਅਕਾਲੀ ਅਤੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਨੂੰ ਘੇਰਿਆ ਅਤੇ ਕਿਹਾ ਕਿ ਪੀਐਸਪੀਸੀਐਲ ਦੀ ਮੌਜੂਦਾ ਵਿੱਤੀ ਸਥਿਤੀ ਲਈ ਇਨ੍ਹਾਂ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ।
ਨੀਲ ਗਰਗ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਬਿਜਲੀ ਪੂਰਤੀ ਅਤੇ ਬਿਜਲੀ ਬੋਰਡ ਦੀ ਮਾਲੀ ਹਾਲਤ 'ਤੇ ਦਿੱਤੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਘਬਰਾਏ ਹੋਏ ਹਨ ਕਿਉਂਕਿ ਆਮ ਆਦਮੀ ਪਾਰਟੀ ਦੀ ਇਮਾਨਦਾਰ ਅਤੇ ਲੋਕ ਪੱਖੀ ਰਾਜਨੀਤੀ ਨਾਲ ਇਨ੍ਹਾਂ ਦੀਆਂ ਝੂਠ ਦੀਆਂ ਦੁਕਾਨਾਂ ਬੰਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਨਾਂ ਸਿਰਫ ਲੋਕ ਭਲਾਈ ਅਤੇ ਵਿਕਾਸ ਦੇ ਕੰਮ ਹੋ ਰਹੇ ਹਨ ਸਗੋਂ ਪੰਜਾਬ ਦੀ ਭਾਈਚਾਰਕ ਸਾਂਝ ਵੀ ਵਧੀ ਹੈ। ਲੋਕਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਸਿੱਖਿਆ, ਸਿਹਤ ਸਹੂਲਤਾਂ ਅਤੇ ਮੁਫ਼ਤ ਬਿਜਲੀ ਮਿਲ ਰਹੀ ਹੈ।
ਮਲਵਿੰਦਰ ਸਿੰਘ ਕੰਗ ਨੇ ਕਿਹਾ, "ਸੁਖਬੀਰ ਸਿੰਘ ਬਾਦਲ ਘਟੀਆ ਪ੍ਰੋਪੇਗੰਡਾ ਕਰ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ ਪਰ ਮੈਂ ਆਂਕੜਿਆਂ ਨਾਲ ਸਾਰਾ ਸੱਚ ਲੋਕਾਂ ਦੇ ਸਾਹਮਣੇ ਰੱਖਾਂਗਾ। ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਸਾਨੂੰ ਵਿਰਾਸਤ ਵਿੱਚ ਬਿਜਲੀ ਬੋਰਡ ਪ੍ਰਤੀ 9020 ਕਰੋੜ ਦੀ ਦੇਣਦਾਰੀ ਦਿੱਤੀ। ਸੁਖਬੀਰ ਬਾਦਲ ਦੱਸਣ ਕਿ ਇਸਦਾ ਜ਼ਿੰਮੇਵਾਰ ਕੌਣ ਹੈ?"
ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਝੜਪ ਮਗਰੋਂ 39 ਜਣਿਆਂ ਖਿਲਾਫ ਕੇਸ ਦਰਜ, ਅੱਜ ਅਦਾਲਤ 'ਚ ਕੀਤਾ ਜਾਵੇਗਾ ਪੇਸ਼
ਉਨ੍ਹਾਂ ਅੱਗੇ ਕਿਹਾ ਕਿ 80 ਤੋਂ 90% ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਇਨ੍ਹਾਂ ਹੀ ਨਹੀਂ ਮਾਨ ਸਰਕਾਰ ਲਗਾਤਾਰ ਬਿਜਲੀ ਬੋਰਡ ਦੇ ਪਿਛਲੇ ਬਕਾਏ ਵੀ ਕਲੀਅਰ ਕਰ ਰਹੀ ਹੈ ਅਤੇ ਨਾਲ ਹੀ ਬਿਜਲੀ ਉਤਪਾਦਨ ਵਧਾਉਣ ਲਈ ਅਪਗ੍ਰੇਡ ਦੇ ਨਾਲ ਨਾਲ ਸਾਰੇ ਲੋੜੀਂਦੇ ਕਦਮ ਉਠਾਏ ਜਾ ਰਹੇ ਹਨ। ਅਗਲੇ ਸਾਲ ਤੱਕ 1200 ਮੈਗਾਵਾਟ ਸੋਲਰ ਪਾਵਰ ਅਤੇ 2024 ਤੱਕ 2300 ਮੈਗਾਵਾਟ ਸੋਲਰ ਪਾਵਰ ਪੈਦਾ ਕਰਨ ਲਈ ਕੰਮ ਜਾਰੀ ਹੈ। ਮਾਨ ਸਰਕਾਰ ਨੇ 2015 ਤੋਂ ਬੰਦ ਪਈ ਪਿਛਵਾੜਾ ਕੋਲ ਖਾਣ ਚਲਵਾਈ। 2025 ਤੱਕ ਰੀਨਿਊਏਬਲ (ਨਵਿਆਉਣਯੋਗ) ਸਰੋਤਾਂ ਤੋਂ 3000 ਮੈਗਾਵਾਟ ਬਿਜਲੀ ਪੰਜਾਬ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਲੋਕ ਭਲਾਈ ਦੀਆਂ ਇਨ੍ਹਾਂ ਸਕੀਮਾਂ ਤੋਂ ਘਬਰਾ ਕੇ ਹੀ ਸੁਖਬੀਰ ਬਾਦਲ ਅਜਿਹੇ ਬਿਆਨ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਵੱਲ ਸਰਕਾਰ ਦੀ ਦੇਣਦਾਰੀ 3600 ਕਰੋੜ ਹੈ ਅਤੇ ਅਗਲੇ ਤਿੰਨ ਸਾਲਾਂ ਵਿੱਚ ਪੀਐਸਪੀਸੀਐਲ ਦੇ ਸਾਰੇ ਬਕਾਏ ਕਲੀਅਰ ਕਰ ਦਿੱਤੇ ਜਾਣਗੇ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਸਪਲਾਈ ਨਿਰਵਿਘਨ ਰਹੇਗੀ ਅਤੇ ਕੋਈ ਕਮੀ ਨਹੀਂ ਆਵੇਗੀ। ਕੰਗ ਨੇ ਬਾਦਲ 'ਤੇ ਤੰਜ ਕੱਸਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੌਰ ਵਿੱਚ ਉਨ੍ਹਾਂ ਨੇ ਟਰਾਂਸਪੋਰਟ ਅਤੇ ਮਾਈਨਿੰਗ ਆਦਿ 'ਤੇ ਕਬਜ਼ਾ ਕਰ ਲਿਆ ਸੀ ਪਰ ਹੁਣ ਸੁਖਬੀਰ ਬਾਦਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਜਾਂ ਡਰਾ ਕੇ ਆਪਣਾ ਇਨਵਰਟਰ ਦਾ ਕੰਮ ਨਹੀਂ ਚਲਾ ਸਕਦੇ।