Amritsar News: ਅੰਮ੍ਰਿਤਸਰ ਤੋਂ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਕੋਲਕਾਤਾ ਤੋਂ ਆਏ ਸੈਲਾਨੀਆਂ ਨੂੰ ਇੱਕ ਈ-ਰਿਕਸ਼ਾ ਚਾਲਕ ਨੇ ਲੁੱਟ ਲਿਆ। ਰਿਕਸ਼ੇ ਵਾਲੇ ਨੇ ਪਹਿਲਾਂ ਦਾਤਰ ਵਿਖਾ ਲੁੱਟਿਆ ਤੇ ਫਿਰ ਉਨ੍ਹਾਂ ਦੇ ਫੋਨ ਤੋਂ ਤਿੰਨ ਲੱਖ ਰੁਪਏ ਕੱਢ ਲਏ। ਇਹ ਘਟਨਾ ਅੱਧੀ ਰਾਤ ਨੂੰ ਤਿੰਨ ਸੈਲਾਨੀਆਂ ਨਾਲ ਵਾਪਰੀ। ਪੀੜਤਾਂ ਵੱਲੋਂ ਥਾਣਾ ਬੀ ਡਿਵੀਜ਼ਨ ਵਿੱਚ ਸ਼ਿਕਾਇਤ ਕਰਜ ਕਰਵਾਈ ਹੈ।


ਸ਼ਿਵ ਚਾਹਲ ਨੇ ਦੱਸਿਆ ਕਿ ਉਹ ਤੇ ਉਸ ਦੇ ਦੋ ਦੋਸਤ ਬੀਤੀ ਰਾਤ ਹੀ ਕਲਕੱਤੇ ਤੋਂ ਆਏ ਸਨ। ਉਨ੍ਹਾਂ ਨੇ ਰੇਲਵੇ ਸਟੇਸ਼ਨ ਤੋਂ ਅੱਗੇ ਈ ਰਿਕਸ਼ਾ ਲਿਆ। ਰਿਕਸ਼ਾ ਵਿੱਚ ਇੱਕ ਡਰਾਈਵਰ ਤੇ ਇੱਕ ਹੈਲਪਰ ਸੀ। ਉਨ੍ਹਾਂ ਦੇ ਬੈਠਣ ਤੋਂ ਬਾਅਦ ਡਰਾਈਵਰ ਨੇ ਇੱਕ ਸਵਾਰੀ ਹੋ ਬੈਠਾ ਲਈ। ਜਦੋਂ ਉਹ ਸਟੇਸ਼ਨ ਤੋਂ ਬੈਠੇ ਤਾਂ ਜੀਪੀਐਸ 'ਤੇ ਸ਼੍ਰੀ ਹਰਿਮੰਦਰ ਸਾਹਿਬ ਦਾ ਰਸਤਾ ਸਿਰਫ਼ ਦੋ ਕਿਲੋਮੀਟਰ ਹੀ ਦਿਖਾਈ ਦੇ ਰਿਹਾ ਸੀ। ਅਚਾਨਕ ਇਹ ਰਸਤਾ 5 ਕਿਲੋਮੀਟਰ ਦਾ ਦਿਖਾਉਣ ਲੱਗ ਪਿਆ।


ਜਦੋਂ ਉਨ੍ਹਾਂ ਨੇ ਪੁੱਛਿਆ ਤਾਂ ਡਰਾਈਵਰ ਨੇ ਕਿਹਾ ਕਿ ਉਹ ਪਹਿਲਾਂ ਬਾਕੀ ਸਵਾਰੀਆਂ ਨੂੰ ਉਤਾਰੇਗਾ ਤੇ ਫਿਰ ਉਨ੍ਹਾਂ ਨੂੰ ਉਤਾਰੇਗਾ। ਫਿਰ ਕੁਝ ਦੂਰੀ 'ਤੇ ਫਾਟਕ ਕੋਲ ਹੀ ਉਨ੍ਹਾਂ ਨੇ ਈ-ਰਿਕਸ਼ਾ ਰੋਕ ਲਿਆ ਜਿੱਥੇ ਡਰਾਈਵਰ ਨੇ ਦਾਤਰ ਕੱਢ ਲਿਆ। ਉਨ੍ਹਾਂ ਨੇ ਆਲੇ-ਦੁਆਲੇ ਦੇਖਿਆ ਤਾਂ ਉੱਥੇ ਈਸਟ ਮੋਹਨ ਨਗਰ ਲਿਖਿਆ ਸੀ। 


ਇਸ ਦੌਰਾਨ ਉਨ੍ਹਾਂ ਨੇ ਫੋਨ ਮੰਗੇ। ਪੀੜਤਾਂ ਨੇ ਕਿਹਾ ਕਿ ਪੈਸੇ ਲੈ ਲਵੋ ਪਰ ਫੋਨ ਨਾ ਖੋਹੋ ਪਰ ਉਹ ਨਹੀਂ ਮੰਨੇ ਤੇ ਫੋਨ ਤੇ ਪੈਸੇ ਦੋਵੇਂ ਲੈ ਗਏ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਉੱਥੇ ਹੀ ਛੱਡ ਕੇ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਮਦਦ ਲਈ ਆਲੇ-ਦੁਆਲੇ ਦੇਖਿਆ ਤਾਂ ਕਿਤੇ ਵੀ ਕੁਝ ਨਹੀਂ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਇੰਡਸਟਰੀਅਲ ਏਰੀਆ ਹੈ।


ਪੀੜਤਾਂ ਨੇ ਦੱਸਿਆ ਕਿ ਜਦੋਂ ਉਹ ਉਥੋਂ ਅੱਗੇ ਵਧੇ ਤਾਂ ਉਨ੍ਹਾਂ ਨੇ ਇੱਕ ਹੋਟਲ ਦੇਖਿਆ। ਜਿੱਥੇ ਉਨ੍ਹਾਂ ਨੇ ਮਦਦ ਮੰਗੀ ਤੇ ਫਿਰ ਉਕਤ ਹੋਟਲ ਮਾਲਕ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਥਾਣਾ ਬੀ ਡਿਵੀਜ਼ਨ ਲੈ ਗਈ ਜਿੱਥੇ ਪੁਲਿਸ ਨੇ ਕੇਸ ਦਰਜ ਕਰ ਲਿਆ। ਇਸ ਤੋਂ ਬਾਅਦ ਉਹ ਹੋਟਲ ਵਿੱਚ ਰੁਕੇ। ਸਵੇਰੇ ਉਨ੍ਹਾਂ ਨੇ ਸਿਮ ਲੈ ਕੇ ਘਰ ਫੋਨ ਕੀਤਾ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਫੋਨ 'ਤੇ 3 ਲੱਖ ਰੁਪਏ ਦਾ ਲੈਣ-ਦੇਣ ਹੋਇਆ ਹੈ।