Chandigah News: ਬੇਹੱਦ ਸ਼ਰਮ ਦੀ ਗੱਲ ਹੈ ਕਿ ਯੂਨੀਵਰਸਿਟੀਆਂ ਵਰਗੇ ਉੱਚ ਅਦਾਰਿਆਂ ਵਿੱਚ ਵੀ ਧੀਆਂ-ਭੈਣਾਂ ਸੁਰੱਖਿਅਤ ਨਹੀਂ ਹਨ। ਹੈਰਾਨੀ ਦੀ ਗੱਲ ਹੈ ਕਿ ਚੰਡੀਗੜ੍ਹ ਵਰਗੇ ਸੁਰੱਖਿਅਤ ਸ਼ਹਿਰ ਵਿੱਚ ਵੀ ਇਹ ਸਭ ਹੋ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਲੜਕੀਆਂ ਨਾਲ ਛੇੜਛਾੜ ਦਾ ਮਾਮਲਾ ਉੱਠਿਆ ਹੈ। ਇਹ ਮੁੱਦਾ ਵਿਦਿਆਰਥੀ ਜਥੇਬੰਦੀ ਐਸਐਫਐਸ ਵੱਲੋਂ ਉਠਾਇਆ ਗਿਆ ਹੈ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਛੇੜਛਾੜ ਬਾਹਰੋਂ ਆਏ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਜਿਸ ਕਰਕੇ ਸੁਰੱਖਿਆ ਪ੍ਰਬੰਧਾਂ ਉੱਪਰ ਸਵਾਲ ਉੱਠਦੇ ਹਨ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਸਟਲਾਂ ਵਿੱਚ ਰਹਿਣ ਵਾਲੀਆਂ ਲੜਕੀਆਂ ਬਾਹਰੋਂ ਆਉਣ-ਜਾਣ ਵਾਲਿਆਂ ਦੀਆਂ ਗੇੜੀਆਂ ਤੇ ਛੇੜਛਾੜ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਹਨ। ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਵਿਦਿਆਰਥੀ ਮੰਗਾਂ ਸਬੰਧੀ ਵਿਦਿਆਰਥੀ ਜਥੇਬੰਦੀ ਐਸਐਫਐਸ ਵੱਲੋਂ ਇਸੇ ਸਬੰਧ ਵਿੱਚ ਕੌਮਾਂਤਰੀ ਵਰਕਿੰਗ ਵਿਮੈਨ ਦਿਵਸ ਮੌਕੇ ਗਰਲਜ਼ ਹੋਸਟਲ ਨੰਬਰ 3 ਤੇ 4 ਦੇ ਬਾਹਰ ਹਸਤਾਖ਼ਰ ਮੁਹਿੰਮ ਚਲਾਈ ਗਈ। ਹੋਸਟਲਾਂ ਦੀਆਂ ਕੰਧਾਂ ’ਤੇ ਔਰਤ ਦੇ ਹੱਕਾਂ ਨੂੰ ਦਰਸਾਉਂਦੇ ਪੋਸਟਰ ਵੀ ਲਗਾਏ ਗਏ।
ਜਥੇਬੰਦੀ ਦੇ ਪ੍ਰਧਾਨ ਸੰਦੀਪ ਤੇ ਜਨਰਲ ਸਕੱਤਰ ਗਗਨ ਨੇ ਦੱਸਿਆ ਕਿ ਪੀਯੂ ਕੈਂਪਸ ਦੇ ਗੇਟਾਂ ਉੱਤੇ ਭਾਵੇਂ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ ਪਰ ਇਸ ਦੇ ਬਾਵਜੂਦ ਕੈਂਪਸ ਵਿੱਚ ਕੁੜੀਆਂ ਦੇ ਹੋਸਟਲਾਂ ਨੇੜੇ ਕਾਰਾਂ ’ਚ ਸਵਾਰ ਮੁੰਡੇ ਪੈਦਲ ਚੱਲ ਰਹੀਆਂ ਵਿਦਿਆਰਥਣਾਂ ਖ਼ਿਲਾਫ਼ ਭੱਦੀਆਂ ਟਿੱਪਣੀਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਲੜਕੀਆਂ ਆਪਣੀ ਪ੍ਰੇਸ਼ਾਨੀ ਵਧਣ ਦੇ ਡਰੋਂ ਸ਼ਿਕਾਇਤ ਕਰਨ ਤੋਂ ਝਿਜਕ ਜਾਂਦੀਆਂ ਹਨ।
ਐਸਐਫਐਸ ਵੱਲੋਂ ਵੱਖ-ਵੱਖ ਵਿਦਿਆਰਥੀ ਮੰਗਾਂ ਸਬੰਧੀ ਵਾਈਸ ਚਾਂਸਲਰ ਦਫ਼ਤਰ ਅੱਗੇ ਸ਼ੁਰੂ ਕੀਤੇ ਗਏ ਦਿਨ-ਰਾਤ ਦੇ ਧਰਨੇ ਵਿੱਚ ਲੜਕੀਆਂ ਦੀ ਇਸ ਸਮੱਸਿਆ ਨੂੰ ਵੀ ਮੁੱਦਾ ਬਣਾਇਆ ਗਿਆ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਜਥੇਬੰਦੀ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਦਿਨ-ਰਾਤ ਦਾ ਪੱਕਾ ਧਰਨਾ ਲਗਾਤਾਰ ਜਾਰੀ ਰੱਖਿਆ ਜਾਵੇਗਾ।
ਹਾਸਲ ਜਾਣਕਾਰੀ ਮੁਤਾਬਕ ’ਵਰਸਿਟੀ ਦੇ ਮੁੱਖ ਕੈਂਪਸ ਤੋਂ ਚੱਲ ਕੇ ਸੈਕਟਰ-25 ਸਥਿਤ ਉੱਤਰੀ ਕੈਂਪਸ ਵਿੱਚ ਕਲਾਸਾਂ ਲਗਾਉਣ ਲਈ ਜਾਣ ਵਾਲੀਆਂ ਲੜਕੀਆਂ ਦੀ ਇਹ ਸਮੱਸਿਆ ਹੋਰ ਵੀ ਜ਼ਿਆਦਾ ਹੈ। ਇੱਥੇ ਸੁਰੱਖਿਆ ਮੁਲਾਜ਼ਮਾਂ ਦੀ ਗਸ਼ਤ ਵੀ ਘੱਟ ਦੱਸੀ ਜਾ ਰਹੀ ਹੈ। ਵਿਦਿਆਰਥੀ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਕੁੜੀਆਂ ਦੇ ਹੋਸਟਲਾਂ ਨੇੜੇ ਤੇ ਸੈਕਟਰ-25 ਸਥਿਤ ਉੱਤਰੀ ਕੈਂਪਸ ਵਿੱਚ ਸੁਰੱਖਿਆ ਮੁਲਾਜ਼ਮਾਂ ਦੀ ਗਸ਼ਤ ਵਧਾਈ ਜਾਵੇ। ਇੱਕ ਵੱਖਰਾ ਸਪੈਸ਼ਲ ਸੁਰੱਖਿਆ ਹੈਲਪਲਾਈਨ ਨੰਬਰ ਜਾਰੀ ਕਰ ਕੇ ਸਾਰੇ ਵਿਭਾਗਾਂ ਵਿੱਚ ਤਖ਼ਤੀਆਂ ਉੱਤੇ ਲਿਖਿਆ ਜਾਵੇ। ਹਨੇਰੇ ਵਾਲੀਆਂ ਥਾਵਾਂ ’ਤੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ।