Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ ਹੈ। ਯੂਟੀ ਪ੍ਰਸ਼ਾਸਨ ਵੱਲੋਂ ਸਿਟੀ ਬਿਊਟੀਫੁੱਲ ਨੂੰ ਵਾਤਾਵਰਣ ਪੱਖੀ ਬਣਾਉਣ ਲਈ 80 ਹੋਰ ਇਲੈਕਟ੍ਰਿਕ ਬੱਸਾਂ ਖਰੀਦਣ ਦੀ ਯੋਜਨਾ ਬਣਾਈ ਹੈ। ਪਹਿਲਾਂ ਵੀ ਸ਼ਹਿਰ ਵਿੱਚ 80 ਇਲੈਕਟ੍ਰਿਕ ਬੱਸਾਂ ਚੱਲ ਰਹੀਆਂ ਹਨ। ਯੂਟੀ ਪ੍ਰਸ਼ਾਸਨ ਨੇ ਅੰਤਰਰਾਜੀ ਰੂਟਾਂ ਲਈ ਵੀ 60 ਨਵੀਆਂ ਡੀਜ਼ਲ ਬੱਸਾਂ ਖਰੀਦਣ ਦਾ ਫ਼ੈਸਲਾ ਕੀਤਾ ਹੈ।


ਟਰਾਂਸਪੋਰਟ ਡਾਇਰੈਕਟਰ ਪ੍ਰਦੁਮਣ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਲੈਕਟ੍ਰਿਕ ਬੱਸਾਂ ਦੀ ਖਰੀਦ ਲਈ ਫੰਡਾਂ ਦੀ ਮੰਗ ਕੀਤੀ ਗਈ ਹੈ, ਜਿਸ ਨੂੰ ਜਲਦ ਮਨਜ਼ੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫੰਡ ਮਨਜ਼ੂਰ ਹੋਣ ਤੋਂ ਬਾਅਦ ਟੈਂਡਰ ਜਾਰੀ ਕੀਤੇ ਜਾਣਗੇ। ਇਹ ਪ੍ਰਕਿਰੀਆ ਸਤੰਬਰ 2023 ਤੱਕ ਪੂਰੀ ਹੋਣ ਦੀ ਉਮੀਦ ਹੈ।


ਟਰਾਂਸਪੋਰਟ ਡਾਇਰੈਕਟਰ ਨੇ ਅੰਤਰਰਾਜੀ ਰੂਟਾਂ ਲਈ ਖਰੀਦੀਆਂ ਜਾਣ ਵਾਲੀਆਂ 60 ਬੱਸਾਂ ਦੀ ਪ੍ਰਕਿਰਿਆ ਅਪ੍ਰੈਲ 2023 ਤੱਕ ਮੁਕੰਮਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਨਵੀਆਂ ਬੱਸਾਂ ਆਉਣ ਮਗਰੋਂ ਸੀਟੀਯੂ ਵੱਲੋਂ ਅੰਤਰਰਾਜੀ ਰੂਟਾਂ ’ਤੇ ਬੱਸਾਂ ਦੀ ਗਿਣਤੀ ਵੱਧ ਜਾਵੇਗੀ। 


ਦੱਸ ਦਈਏ ਕਿ ਯੂਟੀ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ ਵੀ ਸ਼ਹਿਰ ਵਿੱਚ 80 ਇਲੈਕਟ੍ਰਿਕ ਬੱਸਾਂ ਨੰ ਸ਼ੁਰੂ ਕੀਤਾ ਗਿਆ ਸੀ। ਇਨ੍ਹਾਂ ਬੱਸਾਂ ਨੂੰ ਦੋ ਵਾਰ ਵਿੱਚ ਲਿਆਂਦਾ ਗਿਆ। ਇਸ ਤਰ੍ਹਾਂ ਸੀਟੀਯੂ ਕੋਲ 440 ਬੱਸਾਂ ਦਾ ਦੂਜਾ ਲਾਟ ਨਵੰਬਰ 2022 ਵਿੱਚ ਪਹੁੰਚਿਆ ਸੀ। ਜਦੋਂਕਿ 40 ਬੱਸਾਂ ਨਵੰਬਰ 2021 ਵਿੱਚ ਸ਼ੁਰੂ ਹੋ ਗਈਆਂ ਸਨ। 


ਇਹ ਬੱਸਾਂ ਵੋਲਵੋ ਆਈਸ਼ਰ ਵੱਲੋਂ 44.99 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਚਲਾਈਆਂ ਜਾ ਰਹੀਆਂ ਹਨ, ਜੋ ਪਹਿਲੇ ਪੜਾਅ ਦੀਆਂ 40 ਬੱਸਾਂ ਲਈ ਪਹਿਲਾਂ ਅਲਾਟ ਕੀਤੇ ਗਏ ਕੰਮ ਦੇ ਮੁਕਾਬਲੇ 15 ਰੁਪਏ ਪ੍ਰਤੀ ਕਿੱਲੋਮੀਟਰ ਸਸਤੀਆਂ ਸਨ। ਇਸ ਤੋਂ ਪਹਿਲਾਂ ਅਸ਼ੋਕ ਲੇਲੈਂਡ ਨੂੰ 60 ਰੁਪਏ ਪ੍ਰਤੀ ਕਿੱਲੋਮੀਟਰ ਦੇ ਹਿਸਾਬ ਨਾਲ 40 ਇਲੈਕਟ੍ਰਿਕ ਬੱਸਾਂ ਚਲਾਉਣ ਦਾ ਠੇਕਾ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ: ਆਖਰ ਕਿਉਂ ਮਨਾਇਆ ਜਾਂਦਾ ਵੈਲੇਨਟਾਈਨ ਡੇਅ? ਜਾਣੋ ਇਸ ਦਿਨ ਨਾਲ ਜੁੜੀ ਖ਼ਾਸ ਕਹਾਣੀ