Jalandhar News: ਜਲੰਧਰ ਪੁਲਿਸ ਨੇ ਲਤੀਫਪੁਰਾ ਵਿੱਚ ਜਾਅਲੀ ਰਜਿਸਟਰੀਆਂ ਕਰਵਾਉਣ ਦੇ ਦੋਸ਼ ਹੇਠ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਮੁਤਾਬਕ ਇਨ੍ਹਾਂ ਨੇ ਨਾ ਸਿਰਫ ਜਾਅਲੀ ਰਜਿਸਟਰੀਆਂ ਕਰਵਾਈਆਂ ਸਗੋਂ ਉਹ ਪ੍ਰਸ਼ਾਸਨ ਦੇ ਪੀੜਤਾਂ ਦੇ ਮੁੜ ਵਸੇਬਾ ਪ੍ਰਕਿਰਿਆ ਵਿੱਚ ਰੁਕਾਵਟਾਂ ਵੀ ਪਾ ਰਹੇ ਸਨ।


ਪੁਲਿਸ ਨੇ ਇਸ ਮਾਮਲੇ ਵਿੱਚ ਦਿਨੇਸ਼ ਧੀਰ (ਸੁਲਤਾਨਪੁਰ ਲੋਧੀ ਦੇ ਸਾਬਕਾ ਕੌਂਸਲਰ), ਰਮੇਸ਼ ਧੀਰ, ਰਾਕੇਸ਼ ਕੁਮਾਰ ਤੇ ਲਖਵਿੰਦਰ ਕੁਮਾਰ ਨੂੰ ਨਾਮਜ਼ਦ ਕੀਤਾ ਹੈ ਤੇ ਇਨ੍ਹਾਂ ਖ਼ਿਲਾਫ਼ ਨਿਊ ਬਾਰਾਂਦਰੀ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਚਾਰਾਂ ’ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਸਾਲ 2006 ਤੋਂ 2013 ਦਰਮਿਆਨ 10 ਜਾਅਲੀ ਰਜਿਸਟਰੀਆਂ ਕਰਵਾਉਣ ਦੇ ਦੋਸ਼ ਹਨ। 


ਇਹ ਵੀ ਜਾਣਕਾਰੀ ਮਿਲੀ ਹੈ ਕਿ ਜਲੰਧਰ ਇੰਪਰੂਵਮੈਂਟ ਟਰੱਸਟ ਵੱਲੋਂ ਜਿਹੜੀ 241 ਮਰਲੇ ਜ਼ਮੀਨ ਤੋਂ ਕਬਜ਼ਾ ਹਟਵਾਇਆ ਗਿਆ ਸੀ, ਉਸ ਵਿੱਚੋਂ 132 ਮਰਲੇ ਥਾਂ ’ਤੇ ਦੋ ਜਣਿਆਂ ਦਾ ਕਬਜ਼ਾ ਸੀ। ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦਿਨੇਸ਼ ਧੀਰ ਨੇ 92 ਮਰਲੇ ਤੇ ਮਹਿੰਦਰ ਸਿੰਘ ਬਾਜਵਾ ਨੇ 40 ਮਰਲਿਆਂ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। 


ਇਹ ਵੀ ਪਤਾ ਲੱਗਿਆ ਹੈ ਕਿ ਮਹਿੰਦਰ ਸਿੰਘ ਦਾ ਲਤੀਫਪੁਰਾ ਵਿਚ 20 ਮਰਲੇ ਥਾਂ ’ਤੇ ਨਾਂ ਬੋਲਦਾ ਸੀ ਜਦਕਿ ਉਸ ਦੇ ਭਰਾ ਹਰਜਿੰਦਰ ਸਿੰਘ ਦੇ ਨਾਂ ’ਤੇ ਵੀ 20 ਮਰਲੇ ਥਾਂ ਸੀ। ਉਸ ਨੇ ਨਕੋਦਰ ਸੜਕ ’ਤੇ 10 ਕਨਾਲ ਥਾਂ ’ਤੇ ਅੰਮ੍ਰਿਤ ਸਟੱਡ ਫਾਰਮ ਬਣਾਇਆ ਹੋਇਆ ਸੀ। ਇਸ ਤੋਂ ਇਲਾਵਾ ਉਸ ਦੇ ਨਾਂ ’ਤੇ ਸ਼ਹਿਰ ਦੇ ਮਹਿੰਗੇ ਖੇਤਰ ਵਿਚ ਫਲੈਟ ਵੀ ਹੈ। ਉਹ ਇਨੋਵਾ ਦਾ ਮਾਲਕ ਹੈ ਤੇ ਉਸ ਦਾ ਮਾਡਲ ਟਾਊਨ ਵਿੱਚ ਦਫ਼ਤਰ ਵੀ ਹੈ। ਉਸ ਦੇ ਦੋਵੇਂ ਬੱਚੇ ਕੈਨੇਡਾ ਰਹਿੰਦੇ ਹਨ।


ਇਹ ਵੀ ਪੜ੍ਹੋ: Punjab Politics: ਪੰਜਾਬ ਦੀ ਸਿਆਸਤ ਤੋਂ ਗਾਇਬ ਕਿਉਂ ਹੋਏ ਨਵਜੋਤ ਸਿੰਘ ਸਿੱਧੂ, ਕੀ ਕਰਨਗੇ ਜੇਲ੍ਹ ਤੋਂ ਬਾਹਰ ਆ ਕੇ?


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।