Jalandhar News: ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਸਾਲ ਹੋ ਗਿਆ ਹੈ। ਬੇਸ਼ੱਕ ਸਰਕਾਰ ਦੇ ਬਹੁਤ ਸਾਰੇ ਕੰਮਾਂ ਦੀ ਸ਼ਲਾਘਾ ਹੋ ਰਹੀ ਹੈ ਪਰ ਹੌਲੀ-ਹੌਲੀ ਲੋਕਾਂ ਅੰਦਰ ਸਰਕਾਰ ਪ੍ਰਤੀ ਰੋਸ ਵਧਣ ਲੱਗਾ ਹੈ। ਅਹਿਮ ਗੱਲ ਹੈ ਕਿ ਹੁਣ ਚੁਣੇ ਹੋਏ ਵਿਧਾਇਕਾਂ ਦੇ ਘਿਰਾਓ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਲਤੀਫ਼ਪੁਰਾ ਮੁੱਦੇ ਕਰਕੇ ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੱਸ ਦਈਏ ਕਿ ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੇ ਸੱਦੇ ਤਹਿਤ ਕਰਤਾਰਪੁਰ ਨੇੜਲੇ ਪਿੰਡ ਕੁੱਦੋਵਾਲ ਵਿੱਚ ‘ਆਪ’ ਵਿਧਾਇਕ ਬਲਕਾਰ ਸਿੰਘ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਤਹਿਸੀਲ ਮੀਤ ਪ੍ਰਧਾਨ ਬਲਵਿੰਦਰ ਕੌਰ ਦਿਆਲਪੁਰ ਤੇ ਤਹਿਸੀਲ ਜੁਆਇੰਟ ਸਕੱਤਰ ਸਰਬਜੀਤ ਕੌਰ ਕੁੱਦੋਵਾਲ ਦੀ ਅਗਵਾਈ ਹੇਠ ਮਜ਼ਦੂਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।
ਪੇਂਡੂ ਮਜ਼ਦੂਰਾਂ ਨੇ ਸਵਾਲ ਕੀਤਾ ਕਿ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਵਾਂਗੇ। ਉਹ ਕਦੋਂ ਦਿੱਤੇ ਜਾਣਗੇ? ਲਤੀਫ਼ਪੁਰਾ ਦੇ ਲੋਕਾਂ ਨੂੰ ਮਾਲਕੀ ਦੇ ਕਾਗਜ਼ਾਤ ਨਾ ਹੋਣ ਕਰ ਕੇ ਉਨ੍ਹਾਂ ਦੇ ਘਰਾਂ ਉੱਪਰ ਬੁਲਡੋਜ਼ਰ ਚਲਾ ਕੇ ਉਜਾੜ ਦਿੱਤਾ, ਕੀ ਹੁਣ ਕਾਗਜ਼ ਨਾ ਹੋਣ ਕਰ ਕੇ ਉਨ੍ਹਾਂ ਦੇ ਘਰ ਵੀ ਢਾਹੇ ਜਾਣਗੇ? ‘ਆਪ’ ਵਿਧਾਇਕ ਨੇ ਮੰਨਿਆ ਕਿ ਲਤੀਫ਼ਪੁਰਾ ਦਾ ਉਜਾੜਾ ਨਹੀਂ ਸੀ ਹੋਣਾ ਚਾਹੀਦਾ।
ਇਸ ਮੌਕੇ ਪੇਂਡੂ ਮਜ਼ਦੂਰਾਂ ਵਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਲਤੀਫ਼ਪੁਰਾ ਦੇ ਲੋਕਾਂ ਦਾ ਮੁੜ ਉਜਾੜੇ ਵਾਲੀ ਜਗ੍ਹਾ ਵਸੇਬਾ, ਲੋੜਵੰਦਾਂ ਨੂੰ ਰਿਹਾਇਸ਼ੀ ਪਲਾਟ, ਲਾਲ ਲਕੀਰ ਦੇ ਮਾਲਕੀ ਹੱਕ ਦਿੱਤੇ ਜਾਣ। ਉਧਰ ਲਤੀਫ਼ਪੁਰਾ ਮੋਰਚਾ ਤੇ ਭੁੱਖ ਹੜਤਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਅਤੇ ਪਹਿਲੀਆਂ ਸਰਕਾਰਾਂ ਦੀਆਂ ਨੀਤੀਆਂ ਤੇ ਨੀਅਤ ਵਿੱਚ ਕੋਈ ਫਰਕ ਨਹੀਂ।
ਇਸ ਮੌਕੇ ਭੇਜੇ ਜਾ ਰਹੇ ਭਾਰੀ ਬਿਜਲੀ ਬਿੱਲਾਂ ਨੂੰ ਅਦਾ ਕਰਨ ਤੋਂ ਅਸਮਰੱਥ ਬੇਜ਼ਮੀਨੇ ਮਜ਼ਦੂਰਾਂ ਦੇ ਘਰੇਲੂ ਬਿਜਲੀ ਕੁਨੈਕਸ਼ਨ ਕੱਟਣ ਦਾ ਮੁੱਦਾ ਵੀ ਉਠਾਇਆ ਗਿਆ। ਅੱਜ ਮੋਰਚੇ ਵਲੋਂ ‘ਆਪ’ ਵਿਧਾਇਕ ਬਲਕਾਰ ਸਿੰਘ ਸਿੰਘ ਦੇ ਜਲੰਧਰ ਸਥਿਤ ਘਰ ਅੱਗੇ ਧਰਨਾ ਮੁਜ਼ਾਹਰਾ ਕਰ ਕੇ ਲਤੀਫ਼ਪੁਰਾ ਦੇ ਲੋਕਾਂ ਨੂੰ ਮੁੜ ਉਜਾੜੇ ਵਾਲੀ ਜਗ੍ਹਾ ਵਸਾਉਣ ਤੇ ਉਨ੍ਹਾਂ ਦੇ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾਵੇਗੀ।