Amritpal Singh Arrest Operation : ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇੱਕ ਹੋਰ ਐਫਆਈਆਰ ਦਰਜ ਕੀਤੀ ਹੈ। ਅੰਮ੍ਰਿਤਪਾਲ ਖਿਲਾਫ਼ ਹੁਣ ਗ੍ਰੰਥੀ ਸਿੰਘ ਨੂੰ ਬੰਦੀ ਬਣਾਉਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪਿੰਡ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ ਦੇ ਘਰ ਬੰਦੂਕ ਦਿਖਾ ਕੇ ਧਮਕਾਇਆ ਅਤੇ ਤਕਰੀਬਨ ਇਕ ਘੰਟਾ ਉਥੇ ਰੁਕਿਆ ਰਿਹਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਥੇ ਹੀ ਗ੍ਰੰਥੀ ਸਿੰਘ ਦੇ ਬੇਟੇ ਦੇ ਕੱਪੜੇ ਪਾ ਕੇ ਉਹ ਉਥੋਂ ਆਪਣਾ ਭੇਸ ਬਦਲ ਕੇ ਇੱਥੋਂ ਨਿਕਲਿਆ। 

 

ਦੱਸਿਆ ਜਾ ਰਿਹਾ ਹੈ ਕਿ ਗ੍ਰੰਥੀ ਸਿੰਘ ਦੇ ਘਰ ਰਿਸ਼ਤੇ ਵਾਸਤੇ ਲੜਕੇ ਨੂੰ ਦੇਖਣ ਲਈ ਕੁੜੀ ਵਾਲਿਆਂ ਨੇ ਆਉਣਾ ਸੀ। ਘਰ ਵਾਲਿਆਂ ਨੂੰ ਪਹਿਲਾਂ ਤਾਂ ਇਹ ਭੁਲੇਖਾ ਪਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਆਏ ਹਨ। ਅੰਮ੍ਰਿਤਪਾਲ ਨੇ ਰਿਸ਼ਤੇਦਾਰਾਂ ਵਾਸਤੇ ਤਿਆਰ ਕੀਤਾ ਖਾਣਾ ਵੀ ਉਥੇ ਖਾ ਕੇ ਗਿਆ। ਗ੍ਰੰਥੀ ਸਿੰਘ ਦਾ ਫੋਨ ਵਰਤਦੇ ਹੋਏ ਅੰਮ੍ਰਿਤਪਾਲ ਵੱਲੋਂ ਆਪਣੇ ਸਾਥੀਆਂ ਨੂੰ ਫੋਨ ਵੀ ਕੀਤਾ ਗਿਆ। ਪਿੰਡ ਨੰਗਲ ਅੰਬੀਆਂ ਤੋਂ ਅੰਮ੍ਰਿਤਪਾਲ ਸਿੰਘ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਅੱਗੇ ਫਰਾਰ ਹੋ ਗਿਆ। 

 

ਇਹ ਵੀ ਪੜ੍ਹੋ : ਨਾਭਾ ਜੇਲ੍ਹ ਬਰੇਕ ਮਾਮਲੇ 'ਚ 22 ਮੁਲਜ਼ਮ ਦੋਸ਼ੀ ਕਰਾਰ, 6 ਬਰੀ




ਵਾਰਿਸ ਪੰਜਾਬ ਦੇ ਮੁਖੀ ਖਿਲਾਫ ਹੁਣ ਤੱਕ 7 ਕੇਸ ਦਰਜ ਕੀਤੇ ਜਾ ਚੁੱਕੇ ਹਨ। ਦਰਅਸਲ, ਸ਼ਨੀਵਾਰ (18 ਫਰਵਰੀ) ਨੂੰ ਅੰਮ੍ਰਿਤਪਾਲ ਸਿੰਘ ਜਲੰਧਰ ਦੇ ਪਿੰਡ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਗਿਆ ਸੀ। ਪੁਲਿਸ ਦੇ ਇੰਸਪੈਕਟਰ ਜਨਰਲ (ਹੈੱਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਉੱਥੇ ਉਸ ਨੇ (ਅੰਮ੍ਰਿਤਪਾਲ) ਕੱਪੜੇ ਬਦਲੇ, ਕਮੀਜ਼ ਅਤੇ ਪੈਂਟ ਪਾਈ ਅਤੇ ਦੋ ਬਾਈਕ 'ਤੇ ਤਿੰਨ ਹੋਰਾਂ ਨਾਲ ਭੱਜ ਗਿਆ। ਪੁਲੀਸ ਨੇ ਉਸ ਨੂੰ ਭੱਜਣ ਵਿੱਚ ਮਦਦ ਕਰਨ ਵਾਲੇ ਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਬੇਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

ਇਹ ਵੀ ਪੜ੍ਹੋ : ਰੇਡ ਕਰਨ ਗਈ ਪੁਲਿਸ 'ਤੇ ਇੱਟਾਂ -ਰੋੜਿਆ ਨਾਲ ਹਮਲਾ , ਪੁਲਿਸ ਦੀਆਂ ਗੱਡੀਆਂ ਦੀ ਵੀ ਕੀਤੀ ਭੰਨਤੋੜ


ਜਲੰਧਰ ਪੁਲਿਸ ਦੀ ਕਾਰਵਾਈ

ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਜਲੰਧਰ ਪੁਲਸ ਨੇ ਉਸ ਮੋਟਰਸਾਈਕਲ ਨੂੰ ਬਰਾਮਦ ਕਰ ਲਿਆ ਹੈ, ਜਿਸ 'ਤੇ ਅੰਮ੍ਰਿਤਪਾਲ ਸਿੰਘ ਭੱਜ ਗਿਆ ਸੀ। ਇਸ ਤੋਂ ਪਹਿਲਾਂ ਬਦਲੇ ਹੋਏ ਲੁੱਕ ਦੇ ਨਾਲ ਇੱਕ ਤਸਵੀਰ ਸਾਹਮਣੇ ਆਈ ਸੀ, ਜਿਸ ਵਿੱਚ ਉਹ ਗੁਲਾਬੀ ਰੰਗ ਦੀ ਪੱਗ, ਚਿੱਟੀ ਜੈਕਟ ਅਤੇ ਕਾਲੇ ਚਸ਼ਮੇ ਲਗਾ ਕੇ ਬਾਈਕ ਦੇ ਪਿਛਲੇ ਪਾਸੇ ਬੈਠਾ ਹੈ। ਇਸ ਤੋਂ ਬਾਅਦ ਪੁਲਸ ਨੇ ਜਾਂਚ ਕਰਦੇ ਹੋਏ ਬੁੱਧਵਾਰ (22 ਮਾਰਚ) ਨੂੰ ਉਹ ਬਾਈਕ ਵੀ ਬਰਾਮਦ ਕਰ ਲਈ ਹੈ।

 ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੀ ਪੁਲਿਸ


ਭਗੌੜੇ ਅੰਮ੍ਰਿਤਪਾਲ ਸਿੰਘ ਦੀ ਭਾਲ ਵਿਚ ਪੰਜਾਬ ਪੁਲਿਸ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਪਿੰਡ ਜੱਲੂਖੇੜਾ ਪਹੁੰਚੀ ਅਤੇ ਉਸ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਪੁਲੀਸ ਨੇ ਉਸ ਦੇ ਘਰ ਦੀ ਡੂੰਘਾਈ ਨਾਲ ਜਾਂਚ ਕੀਤੀ। ਇਸ ਦੇ ਨਾਲ ਹੀ ਬਠਿੰਡਾ ਜ਼ਿਲ੍ਹੇ ਵਿੱਚ ਵੀ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਏਡੀਜੀਪੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਬਠਿੰਡਾ ਰੇਂਜ ਤੋਂ 70 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। ਅਸੀਂ ਚੌਕਸ ਹਾਂ ਅਤੇ ਸਥਿਤੀ ਸ਼ਾਂਤਮਈ ਹੈ, ਲੋਕਾਂ ਵਿੱਚ ਵਿਸ਼ਵਾਸ ਜਗਾਉਣ ਲਈ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ।