Jalandhar News: ਜਲੰਧਰ ਨਾਲ ਲੱਗਦੇ ਫਗਵਾੜਾ 'ਚ ਟਰੈਕਟਰਾਂ ਦੀਆਂ ਦੌੜਾਂ ਦੌਰਾਨ ਹੋਏ ਹਾਦਸੇ ਸਬੰਧੀ ਹੁਣ ਵੱਡਾ ਖੁਲਾਸਾ ਹੋਇਆ ਹੈ। ਟਰੈਕਟਰਾਂ ਦੀਆਂ ਦੌੜਾਂ ਦੇ ਪ੍ਰਬੰਧਕਾਂ ਨੂੰ ਪੁਲਿਸ ਤੋਂ ਇਜਾਜ਼ਤ ਨਹੀਂ ਮਿਲੀ ਸੀ। ਇਸ ਦੇ ਬਾਵਜੂਦ ਪ੍ਰਬੰਧਕਾਂ ਨੇ ਵਟਸਐਪ ਮੈਸੇਜ ਰਾਹੀਂ ਲੋਕਾਂ ਨੂੰ ਇਕੱਠਾ ਕੀਤਾ ਸੀ। ਇਸ ਸਬੰਧੀ ਬਾਕਾਇਦਾ ਪੋਸਟਰ ਵੀ ਜਾਰੀ ਕੀਤਾ ਗਿਆ ਸੀ। 


ਪੁਲਿਸ ਨੇ ਇਸ ਸਬੰਧੀ ਹੁਣ ਤੱਕ ਕੁੱਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਗਵਾੜਾ ਪੁਲਿਸ ਦੀਆਂ ਟੀਮਾਂ ਮੁੱਖ ਮੁਲਜ਼ਮ ਰੇਹਾਨਾ ਜੱਟਾਂ ਵਾਸੀ ਬੂਟਾ ਸਿੰਘ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀਆਂ ਹਨ ਪਰ ਹਾਲੇ ਤੱਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ। ਬੂਟਾ ਸਿੰਘ ਦੇ ਨਾਲ ਉਨ੍ਹਾਂ ਦੇ ਕੁਝ ਹੋਰ ਪ੍ਰਮੁੱਖ ਸਾਥੀ ਵੀ ਮੌਜੂਦ ਸਨ।


ਹਾਸਲ ਜਾਣਕਾਰੀ ਮੁਤਾਬਕ ਟਰੈਕਟਰ ਦੌੜ ਦੇ ਜੇਤੂ ਨੂੰ ਕਰੀਬ 41 ਹਜ਼ਾਰ ਰੁਪਏ ਦਾ ਇਨਾਮ ਮਿਲਣਾ ਸੀ। ਇਸ ਦੇ ਨਾਲ ਹੀ ਦੂਜੇ ਸਥਾਨ ਦੇ ਜੇਤੂ ਨੂੰ 31 ਹਜ਼ਾਰ ਰੁਪਏ ਦਾ ਨਕਦ ਇਨਾਮ ਤੇ ਤੀਜੇ ਸਥਾਨ ਦੇ ਜੇਤੂ ਨੂੰ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਣਾ ਸੀ। ਮੁੱਖ ਮੁਲਜ਼ਮ ਬੂਟਾ ਸਿੰਘ ਉਰਫ਼ ਬੂਟਾ ਬਰਮੀ ਨੇ ਇਸ ਸਬੰਧੀ ਇੱਕ ਪੋਸਟਰ ਵੀ ਜਾਰੀ ਕੀਤਾ ਸੀ। ਉਕਤ ਟਰੈਕਟਰ ਸ਼ੋਅ ਦੌਰਾਨ ਲੰਗਰ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ। ਟਰੈਕਟਰ ਸ਼ੋਅ ਦੁਪਹਿਰ 12 ਵਜੇ ਦੇ ਕਰੀਬ ਸ਼ੁਰੂ ਹੋਇਆ ਤੇ ਉਕਤ ਹਾਦਸਾ 3 ਤੋਂ 4 ਵਜੇ ਦੇ ਦਰਮਿਆਨ ਵਾਪਰਿਆ।


ਫਗਵਾੜਾ ਦੇ ਡੀਐਸਪੀ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਬੂਟਾ, ਦੀਪਾ, ਨਵੀ ਤੇ ਹਰਜੀਤ ਸਿੰਘ ਉਕਤ ਟਰੈਕਟਰ ਮੁਕਾਬਲੇ ਲਈ ਪੁਲਿਸ ਤੋਂ ਇਜਾਜ਼ਤ ਲੈਣ ਆਏ ਸਨ। ਉਨ੍ਹਾਂ ਨੇ ਇਹ ਸ਼ੋਅ ਕਰੀਬ ਇੱਕ ਹਫ਼ਤਾ ਪਹਿਲਾਂ ਕਰਵਾਉਣਾ ਸੀ, ਪਰ ਜਦੋਂ ਪੁਲਿਸ ਨੇ ਇਜਾਜ਼ਤ ਨਾ ਦਿੱਤੀ ਤਾਂ ਸ਼ੋਅ ਵਿੱਚ ਦੇਰੀ ਹੋ ਗਈ। ਇਸ ਤੋਂ ਬਾਅਦ ਉਕਤ ਸ਼ੋਅ ਦਾ ਸਮਾਂ ਐਤਵਾਰ ਦਾ ਰੱਖਿਆ ਗਿਆ। 


ਦੱਸ ਦਈਏ ਕਿ ਫਗਵਾੜਾ ਦੇ ਪਿੰਡ ਡੋਮੇਲੀ 'ਚ ਸਟੰਟ ਕਰਦੇ ਹੋਏ ਇੱਕ ਟਰੈਕਟਰ ਬੇਕਾਬੂ ਹੋ ਗਿਆ ਸੀ। ਇਸ 'ਚ 5 ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਘਟਨਾ ਵਿੱਚ ਟਰੈਕਟਰ ਚਲਾ ਰਿਹਾ ਵਿਅਕਤੀ ਵੀ ਜ਼ਖ਼ਮੀ ਹੋ ਗਿਆ। ਦੌੜ ਵਿੱਚ ਹਿੱਸਾ ਲੈ ਰਹੇ ਵਿਅਕਤੀ ਦਾ ਟਰੈਕਟਰ ਅਚਾਨਕ ਬੇਕਾਬੂ ਹੋ ਗਿਆ। ਟਰੈਕਟਰ ਰੇਸ ਦੇਖਣ ਲਈ ਕਿਨਾਰੇ ਖੜ੍ਹੇ ਲੋਕਾਂ ਉਪਰ ਚੜ੍ਹ ਗਿਆ। ਇਸ ਵਿੱਚ ਕਿਸੇ ਦੀ ਮੌਤ ਨਹੀਂ ਹੋਈ। ਇਸ ਸਾਰੀ ਘਟਨਾ ਦੀਆਂ ਕੁਝ ਦਿਲ ਦਹਿਲਾ ਦੇਣ ਵਾਲੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।


ਇਹ ਵੀ ਪੜ੍ਹੋ: Punjab Tourist death: ਹਿਮਾਚਲ ਘੁੰਮਣ ਗਏ ਪੰਜਾਬੀਆਂ ਦੀ ਕਾਰ ਹਾਦਸੇ ਦਾ ਸ਼ਿਕਾਰ!