Dead Bodies of five members: ਜਲੰਧਰ ਦੇ ਕਸਬਾ ਆਦਮਪੁਰ ਅਧਿਨ ਆਉਂਦੇ ਪਿੰਡ ਡਰੋਲੀ ਖੁਰਦ ਵਿਖੇ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਨੇ ਫਾਹਾ ਲੈ ਕੇ ਖੁਦਕਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਕਰਜ਼ੇ ਤੋਂ ਪਰੇਸ਼ਾਨ ਸੀ ਜਿਸ ਕਰਕੇ ਅਜਿਹਾ ਕਦਮ ਚੁੱਕਿਆ ਗਿਆ। ਮ੍ਰਿਤਕਾਂ ਦੀ ਪਛਾਣ ਮਨਮੋਹਨ ਸਿੰਘ ਪੁੱਤਰ ਆਤਮਾ ਸਿੰਘ (55) ਉਸ ਦੀ ਪਤਨੀ ਸਰਬਜੀਤ ਕੌਰ, ਉਸ ਦੀਆਂ ਦੋ ਲੜਕੀਆਂ ਜੋਤੀ (32) ਤੇ ਗੋਪੀ (31), ਜੋਤੀ ਦੀ ਲੜਕੀ ਅਮਨ (3) ਵਜੋਂ ਹੋਈ ਹੈ।
ਮ੍ਰਿਤਕ ਮਨਮੋਹਨ ਸਿੰਘ ਦੇ ਜਵਾਈ ਸਰਬਜੀਤ ਸਿੰਘ ਵਾਸੀ ਫੁਗਲਾਣਾ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਫੋਨ ਕਰਦਾ ਸੀ ਪਰ ਕੋਈ ਵੀ ਫੋਨ ਨਹੀਂ ਚੁੱਕ ਰਿਹਾ ਸੀ, ਜਿਸ ਕਾਰਨ ਉਸ ਨੇ ਪਿੰਡ ਡਰੋਲੀ ਖੁਰਦ ਆ ਕੇ ਦੇਖਿਆ ਤਾਂ ਮਨਮੋਹਨ ਤੇ ਸਰਬਜੀਤ ਕੌਰ ਦੀਆਂ ਲਾਸ਼ਾਂ ਪੱਖਿਆਂ ਨਾਲ ਲਟਕ ਰਹੀਆਂ ਸਨ ਤੇ ਬਾਕੀ ਮ੍ਰਿਤਕਾਂ ਦੀਆਂ ਲਾਸ਼ਾਂ ਮੰਜੇ ’ਤੇ ਪਈਆਂ ਸਨ।
ਮਨਮੋਹਨ ਸਿੰਘ ਆਦਮਪੁਰ ਡਾਕਖਾਨੇ ’ਚ ਇੰਚਾਰਜ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਮਨਜੀਤ ਸਿੰਘ ਤੇ ਡੀਐੱਸਪੀ ਆਦਮਪੁਰ ਵਿਜੇ ਕੁੰਵਰ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਰਿਆਂ ਦੇ ਗਲੇ 'ਤੇ ਨਿਸ਼ਾਨ ਸਨ। ਮਨਮੋਹਨ ਦੇ ਗਲੇ ਫਾਹਾ ਲੈਣ ਵਾਲਾ ਨਿਸ਼ਾਨ ਸੀ ਹਾਲਾਂਕਿ ਬਾਕੀ ਲਾਸ਼ਾਂ 'ਤੇ ਸਿੱਧੇ ਨਿਸ਼ਾਨ ਸਨ। ਜਿਸ ਕਾਰਨ ਮੰਨਿਆ ਜਾ ਰਿਹਾ ਸੀ ਕਿ ਸਾਰਿਆਂ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਕਿਉਂਕਿ ਮਨਮੋਹਨ ਦੀ ਪਤਨੀ, ਦੋਵੇਂ ਧੀਆਂ ਅਤੇ ਦੋਹਤੀ ਦੇ ਗਲੇ 'ਤੇ ਯੂ ਆਕਾਰ ਦੇ ਨਿਸ਼ਾਨ ਸਨ।
ਘਟਨਾ ਦੀ ਸੂਚਨਾ ਪਿੰਡ ਵਾਸੀਆਂ ਵੱਲੋਂ ਰਾਤ ਕਰੀਬ 9 ਵਜੇ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਇਲਾਕੇ ਦੀ ਪੀਸੀਆਰ ਟੀਮ ਸਭ ਤੋਂ ਪਹਿਲਾਂ ਘਟਨਾ ਵਾਲੀ ਥਾਂ 'ਤੇ ਪਹੁੰਚੀ। ਘਟਨਾ ਦੀ ਪੁਸ਼ਟੀ ਹੋਣ ਤੋਂ ਤੁਰੰਤ ਬਾਅਦ ਆਦਮਪੁਰ ਇਲਾਕੇ ਦੇ ਡੀਐਸਪੀ ਵਿਜੇ ਕੁੰਵਰ ਪ੍ਰਤਾਪ, ਥਾਣਾ ਆਦਮਪੁਰ ਦੇ ਐਸਐਚਓ ਮਨਜੀਤ ਸਿੰਘ ਅਤੇ ਸੀਆਈਏ ਸਟਾਫ ਦੇਹਟ ਪੁਲੀਸ ਆਪਣੀਆਂ ਦੋ ਟੀਮਾਂ ਨਾਲ ਜਾਂਚ ਲਈ ਮੌਕੇ ’ਤੇ ਪਹੁੰਚ ਗਏ।
ਮੌਕੇ 'ਤੇ ਮੌਜੂਦ ਗੁਆਂਢੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਤੋਂ ਪੂਰੇ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਦੇ ਬਾਹਰ ਨਹੀਂ ਦੇਖਿਆ ਗਿਆ। ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਕਿਸੇ ਨੂੰ ਚੀਕਦੀ ਸੁਣਾਈ ਨਹੀਂ ਦਿੱਤੀ। ਮਨਮੋਹਨ ਦਾ ਜਵਾਈ ਸਰਬਜੀਤ ਸਿੰਘ ਸ਼ੁੱਕਰਵਾਰ ਨੂੰ ਜਦੋਂ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਉਨ੍ਹਾਂ ਨੂੰ ਸਾਰੀ ਘਟਨਾ ਦਾ ਪਤਾ ਲੱਗਾ।