Jalanadhar News: ਵਾਹਨਾਂ ’ਤੇ ਹਾਈ ਸਕਿਉਰਿਟੀ ਨੰਬਰ ਪਲੇਟਾਂ (ਐਚਐਸਆਰਪੀ) ਲਗਾਉਣ ਦੀ ਸਮਾਂ ਸੀਮਾ 30 ਜੂਨ ਨੂੰ ਖ਼ਤਮ ਹੋ ਗਈ ਹੈ। ਹੁਣ ਉਕਤ ਨੰਬਰਾਂ ਪਲੇਟਾਂ ਨਾ ਲਵਾਉਣ ਵਾਲਿਆਂ ਖ਼ਿਲਾਫ਼ ਸਖ਼ਤੀ ਸ਼ੁਰੂ ਹੋ ਗਈ ਹੈ। ਜਲੰਧਰ ਸ਼ਹਿਰ ਵਿੱਚ ਹਾਈ ਸਕਿਓਰਿਟੀ ਨੰਬਰ ਪਲੇਟਾਂ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਹਾਈ ਸਕਿਉਰਿਟੀ ਨੰਬਰ ਪਲੇਟਾਂ ਨਾ ਹੋਣ ਕਾਰਨ ਚਲਾਨ ਕੱਟੇ ਗਏ। 


ਹਾਸਲ ਜਾਣਕਾਰੀ ਮੁਤਾਬਕ ਪਹਿਲੀ ਵਾਰ ਫੜੇ ਜਾਣ `ਤੇ ਜੁਰਮਾਨਾ 2,000 ਰੁਪਏ ਹੋਵੇਗਾ ਤੇ ਜੇਕਰ ਕੋਈ ਦੁਬਾਰਾ ਫੜਿਆ ਜਾਂਦਾ ਹੈ, ਤਾਂ ਜੁਰਮਾਨਾ ਵਧ ਕੇ 3,000 ਰੁਪਏ ਹੋ ਜਾਵੇਗਾ। ਜੇਕਰ ਫਿਰ ਵੀ ਨਾ ਸੁਧਰੇ ਤਾਂ ਵਾਹਨ ਦਾ ਨੰਬਰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ’ਤੇ ਡਰਾਈਵਰਾਂ ਨੂੰ 30 ਜੂਨ ਤੱਕ ਦੀ ਛੋਟ ਦਿੱਤੀ ਸੀ। ਹੁਣ ਸਰਕਾਰ ਨੇ ਛੋਟ ਦੀ ਮਿਆਦ ਵਧਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹੁਣ ਟਰਾਂਸਪੋਰਟ ਵਿਭਾਗ ਤੇ ਟ੍ਰੈਫਿਕ ਪੁਲੀਸ ਨੂੰ ਸਿੱਧੇ ਹੁਕਮ ਹਨ ਕਿ ਜੇਕਰ ਕੋਈ ਵੀ ਵਾਹਨ ਬਿਨਾਂ ਐਚਐਸਆਰਪੀ ਉਸ ਦਾ ਚਲਾਨ ਕੱਟਿਆ ਜਾਵੇ।



ਅਦਾਲਤ ਦੇ ਹੁਕਮਾਂ `ਤੇ ਸਾਰੇ ਵਾਹਨਾਂ ’ਤੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਾਉਣੀਆਂ ਲਾਜ਼ਮੀ ਹਨ ਪਰ ਜਦੋਂ ਕਾਂਗਰਸ ਦੇ ਰਾਜ ਦੌਰਾਨ ਸਾਲ 2021 ਵਿੱਚ ਐਚਐਸਆਰਪੀ ਨੰਬਰ ਪਲੇਟਾਂ ਨਾ ਹੋਣ ਕਾਰਨ ਲੋਕਾਂ ਦੇ ਚਲਾਨ ਕੀਤੇ ਗਏ ਤਾਂ ਤਤਕਾਲੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਰੌਲਾ-ਰੱਪਾ ਪਾ ਕੇ ਇਸ ਦੀ ਸਮਾਂ ਸੀਮਾ ਵਧਾ ਦਿੱਤੀ ਪਰ ਕਰੋਨਾ ਸ਼ੁਰੂ ਹੋਣ ਤੋਂ ਬਾਅਦ ਸਾਰਾ ਮਾਮਲਾ ਠੰਢੇ ਬਸਤੇ ਵਿੱਚ ਚਲਾ ਗਿਆ ਸੀ। 


ਹੁਣ ਮੌਜੂਦਾ ਸਰਕਾਰ ਨੇ ਵੀ ਵਾਹਨਾਂ ਵਿੱਚ ਐਚਐਸਆਰਪੀ ਨੰਬਰ ਪਲੇਟਾਂ ਲਾਉਣ ਲਈ ਮਾਰਚ ਮਹੀਨੇ ਵਿੱਚ 30 ਜੂਨ ਤੱਕ ਦੀ ਸਮਾਂ ਸੀਮਾ ਦਿੱਤੀ ਸੀ ਪਰ ਹੁਣ ਸਰਕਾਰ ਇਸ ਨੂੰ ਅੱਗੇ ਵਧਾਉਣ ਦੇ ਮੂਡ ਵਿੱਚ ਨਹੀਂ ਹੈ। ਸੂਬੇ ਭਰ ਵਿੱਚ ਹਾਈ ਸਕਿਊਰਿਟੀ ਨੰਬਰ ਪਲੇਟਾਂ ਨੂੰ ਲੈ ਕੇ ਸਖ਼ਤੀ ਕੀਤੀ ਜਾ ਰਹੀ ਹੈ।


 
ਹਾਸਲ ਜਾਣਕਾਰੀ ਮੁਤਾਬਕ ਜਿਨ੍ਹਾਂ ਲੋਕਾਂ ਨੇ ਵਾਹਨਾਂ ’ਤੇ ਨੰਬਰ ਪਲੇਟਾਂ ਲਾਉਣ ਲਈ ਆਖ਼ਰੀ ਦਿਨ ਅਪਲਾਈ ਕੀਤਾ ਹੈ ਤਾਂ ਉਹ ਪੁਲਿਸ ਵੱਲੋਂ ਰੋਕੇ ਜਾਣ ’ਤੇ ਸਲਿੱਪ ਵੀ ਦਿਖਾ ਸਕਦੇ ਹਨ। ਜੇਕਰ ਕਿਸੇ ਨੇ ਵਾਹਨ ’ਤੇ ਹਾਈ ਸਕਿਉਰਿਟੀ ਨੰਬਰ ਪਲੇਟ ਨਹੀਂ ਹੈ ਪਰ ਉਸ ਨੇ ਅਪਲਾਈ ਕੀਤਾ ਹੈ, ਉਸ ਖ਼ਿਲਾਫ਼ ਕਾਰਵਾਈ ਨਹੀਂ ਹੋਵੇਗੀ। ਸਲਿੱਪ ਦਿਖਾ ਕੇ ਚਲਾਨ ਤੋਂ ਵੀ ਬਚਿਆ ਜਾ ਸਕਦਾ ਹੈ। ਉਂਜ, ਜਿਨ੍ਹਾਂ ਲੋਕਾਂ ਨੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਾਈਆਂ ਹਨ, ਉਨ੍ਹਾਂ ਦਾ ਸਾਰਾ ਰਿਕਾਰਡ ਵੀ ਆਨਲਾਈਨ ਹੀ ਪਤਾ ਲੱਗ ਜਾਂਦਾ ਹੈ।