Jalandhar bypoll: ਜਲੰਧਰ ਜ਼ਿਮਨੀ ਚੋਣ ਵਾਲੇ ਦਿਨ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦਾ ਕਾਫਲਾ ਰੋਕਣਾ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਮਹਿੰਗਾ ਪੈ ਗਿਆ ਹੈ। ਸ਼ਾਹਕੋਟ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ ਐਫਆਈਆਰ ਦਰਜ ਹੋ ਗਈ ਹੈ।
ਦੱਸ ਦਈਏ ਕਿ ਉਨ੍ਹਾਂ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਵਾਲੇ ਦਿਨ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਕਾਫਲੇ ਨੂੰ ਰੋਕਿਆ ਸੀ। ਵਿਧਾਇਕ ਦਲਬੀਰ ਟੌਂਗ ਦੇ ਡਰਾਈਵਰ ਗਗਨਦੀਪ ਅਰੋੜਾ ਦੀ ਸ਼ਿਕਾਇਤ 'ਤੇ ਕਾਂਗਰਸੀ ਵਿਧਾਇਕ ਖਿਲਾਫ ਥਾਣਾ ਸ਼ਾਹਕੋਟ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ 12 ਹੋਰ ਲੋਕਾਂ ਦੇ ਨਾਂ ਵੀ ਐਫਆਈਆਰ ਵਿੱਚ ਸ਼ਾਮਲ ਹਨ।
ਗਗਨਦੀਪ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਵਿਧਾਇਕ ਟੌਂਗ ਦੇ ਕਾਫ਼ਲੇ ਨੂੰ ਜਲੰਧਰ ਰਾਹੀਂ ਸੁਲਤਾਨਪੁਰ ਲੋਧੀ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਆਪਣੇ ਸਮਰਥਕਾਂ ਸਮੇਤ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ। ਇੱਥੋਂ ਤੱਕ ਕਿ ਉਸ ਦੀ ਕਾਰ ਦੀਆਂ ਚਾਬੀਆਂ ਵੀ ਖੋਹ ਲਈਆਂ। ਇਸ ਤੋਂ ਬਾਅਦ ਜਦੋਂ ਉਸ ਨੇ ਮੌਕੇ 'ਤੇ ਪੁਲਿਸ ਨੂੰ ਬੁਲਾਇਆ ਤਾਂ ਪੁਲਿਸ ਉਸ ਨੂੰ ਥਾਣੇ ਲੈ ਗਈ।
ਪਿੰਡ ਰੂਪੇਵਾਲ ਵਿੱਚ ਹੋਇਆ ਸੀ ਹੰਗਾਮਾ
ਐਫਆਈਆਰ ਵਿੱਚ ਲਿਖਿਆ ਗਿਆ ਹੈ ਕਿ 10 ਮਈ ਨੂੰ ਪੋਲਿੰਗ ਦੌਰਾਨ ਪਿੰਡ ਰੂਪੇਵਾਲ ਵਿੱਚ ਹੰਗਾਮਾ ਹੋਇਆ ਸੀ। 'ਆਪ' ਵਿਧਾਇਕ ਦਲਬੀਰ ਟੌਂਗ ਦਾ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਨਾਲ ਆਹਮੋ-ਸਾਹਮਣਾ ਹੋ ਗਿਆ। ਜਲੰਧਰ ਜ਼ਿਮਨੀ ਚੋਣ ਲਈ 10 ਮਈ ਨੂੰ ਵੋਟਿੰਗ ਹੋਈ ਸੀ। ਜਲੰਧਰ ਦੇ ਸ਼ਾਹਕੋਟ ਜ਼ਿਲ੍ਹੇ ਦੇ ਪਿੰਡ ਰੂਪੇਵਾਲਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਆਪਣੇ ਸਮਰਥਕਾਂ ਸਮੇਤ ਘੇਰ ਲਿਆ।
ਇਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਤੇ ਪੁਲਿਸ ਨੇ ਵਿਧਾਇਕ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਬਾਅਦ ਵਿੱਚ ਛੱਡ ਦਿੱਤਾ। ਕਾਂਗਰਸੀ ਵਿਧਾਇਕ ਨੇ ਦੋਸ਼ ਲਾਇਆ ਸੀ ਕਿ ਜਲੰਧਰ ਜ਼ਿਮਨੀ ਚੋਣ ਦੌਰਾਨ ਵਿਧਾਇਕ ਬਾਹਰੋਂ ਕਿਉਂ ਆਏ ਹਨ। ਉਨ੍ਹਾਂ ਕਿਹਾ ਕਿ ਬਾਹਰੋਂ ਆਏ ਇਹ ਵਿਧਾਇਕ ਕਿਤੇ ਨਾ ਕਿਤੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਪੁਲਿਸ ਨੇ ਵਿਧਾਇਕ ਟੌਂਗ ਨੂੰ ਥਾਣੇ ਵਿੱਚ ਰੱਖ ਕੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਪਰ ਐਫਆਈਆਰ ਵਿੱਚ ਕਿਸੇ ਦਾ ਨਾਂ ਨਹੀਂ ਸੀ।