Jalandhar News: ਆਦਮਪੁਰ ਸਿਵਲ ਹਵਾਈ ਅੱਡਾ ਅਗਲੇ ਮਹੀਨੇ ਤੱਕ ਚਾਲੂ ਹੋ ਜਾਵੇਗਾ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿਤਿਆ ਸਿੰਧੀਆ ਨੇ ਇਸ ਮੁੱਦੇ ’ਤੇ ਹੋਈ ਮੀਟਿੰਗ ਦੌਰਾਨ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਇਹ ਭਰੋਸਾ ਦਿੱਤਾ। ਰਿੰਕੂ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਆਦਮਪੁਰ ਹਵਾਈ ਅੱਡੇ ਦਾ ਸਿਵਲ ਟਰਮੀਨਲ ਯਾਤਰੀਆਂ ਦੀ ਮੇਜ਼ਬਾਨੀ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਏਅਰਲਾਈਨ ਕੰਪਨੀ ਸਪਾਈਸ ਜੈੱਟ ਉੱਥੇ ਸੇਵਾਵਾਂ ਸ਼ੁਰੂ ਕਰਨ ਲਈ ਤਿਆਰ ਹੈ। ਕੁਝ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਹਵਾਈ ਅੱਡਾ ਅਗਲੇ ਮਹੀਨੇ ਤੱਕ ਚਾਲੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਹਵਾਈ ਅੱਡੇ ਦੇ ਟਰਮੀਨਲ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।
ਦੱਸ ਦਈਏ ਕਿ ਉਨ੍ਹਾਂ ਮੰਤਰੀ ਕੋਲ ਇਸ ਖੇਤਰ ਦੇ ਵਿਦਿਆਰਥੀਆਂ ਤੇ ਪਰਵਾਸੀ ਭਾਰਤੀ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ ਵੀ ਉਠਾਇਆ ਹੈ।
ਇਸ ਤੋਂ ਇਲਾਵਾ ਸੁਸ਼ੀਲ ਕੁਮਾਰ ਰਿੰਕੂ ਨੇ ਵੀਰਵਾਰ ਨੂੰ ਰੇਲਵੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਸੰਸਦ ਮੈਂਬਰ ਨੇ ਫਿਲੌਰ ਤੇ ਗੁਰਾਇਆ ਕਰਾਸਿੰਗ ’ਤੇ 140 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰ ਬ੍ਰਿਜ ਦੇ ਕੰਮ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਰੇਲਵੇ ਮੰਤਰਾਲੇ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾਂ 'ਤੇ ਜਲਦੀ ਕੰਮ ਸ਼ੁਰੂ ਕੀਤਾ ਜਾਵੇ।
ਰਿੰਕੂ ਨੇ ਕਿਹਾ- ਇਨ੍ਹਾਂ ਦੋਵਾਂ ਕ੍ਰਾਸਿੰਗਾਂ 'ਤੇ ਆਰਓਬੀ ਦੇ ਨਿਰਮਾਣ ਨਾਲ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਜਿਨ੍ਹਾਂ ਨੂੰ ਇਨ੍ਹਾਂ ਕਰਾਸਿੰਗਾਂ ਦੇ ਬੰਦ ਹੋਣ ਕਾਰਨ ਟ੍ਰੈਫਿਕ ਜਾਮ ਦੌਰਾਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸੰਸਦ ਮੈਂਬਰ ਨੇ ਅਧਿਕਾਰੀਆਂ ਨੂੰ ਸਾਰੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਆਰਓਬੀ ਦੀ ਉਸਾਰੀ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ। ਇਸ ਨਾਲ ਲੋਕਾਂ ਨੂੰ ਹਰ ਰੋਜ਼ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ।