Jalandhar : ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ 19 ਅਤੇ 20 ਜੂਨ ਨੂੰ ਸੱਦੇ ਸੈਸ਼ਨ 'ਤੇ ਰੇੜਕਾ ਲਗਾਤਾਰ ਜਾਰੀ ਹੈ। ਸਭ ਤੋਂ ਪਹਿਲਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਦਾਅਵਾ ਕੀਤਾ ਕਿ ਮੈਂ ਕਾਨੂੰਨੀ ਰਾਇ ਲਈ ਹੈ ਜਿਸ ਤੋਂ ਪਤਾ ਲੱਗਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੱਦਿਆ ਸੈਸ਼ਨ ਗੈਰ ਕਾਨੂੰਨੀ ਹੈ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਜਵਾਬ ਦਿੱਤਾ ਕਿ ਸੈਸ਼ਨ ਵਿੱਚ ਪਾਸ ਕੀਤੇ ਚਾਰੇ ਬਿੱਲ ਜ਼ਰੂਰ ਮਨਜ਼ੂਰ ਹੋਣਗੇ। 


ਇਸ ਤੋਂ ਬਾਅਦ ਮੁੜ ਰਾਜਪਾਲ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ  ਰਾਜਪਾਲ ਸੂਬੇ ਦਾ ਸੰਵਿਧਾਨਕ ਮੁਖੀ ਹੁੰਦਾ ਹੈ ਤੇ ਸੰਵਿਧਾਨ ਦੀ ਧਾਰਾ 167 ਮੁਤਾਬਕ ਸੂਬਾ ਸਰਕਾਰ ਕੋਲੋਂ ਪੁੱਛਣ ਦਾ ਉਨ੍ਹਾਂ ਨੂੰ ਪੂਰਾ ਅਧਿਕਾਰ ਹੈ। ਸਰਕਾਰ ਵੱਲੋਂ ਉਸ ਦੇ ਕੰਮਾਂ 'ਚ ਦਖ਼ਲ ਦੇਣ ਦੇ ਲਾਏ ਜਾਂਦੇ ਇਲਜ਼ਾਮਾਂ ਬਾਰੇ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਸਰਕਾਰ ਦੇ ਪ੍ਰਸ਼ਾਸਨਿਕ ਕੰਮਾਂ 'ਚ ਦਖ਼ਲਅੰਦਾਜ਼ੀ ਨਹੀਂ ਕੀਤੀ। 


ਸੰਵਿਧਾਨ ਤੋਂ ਬਾਹਰ ਜਾ ਕੇ ਕੋਈ ਕੰਮ ਨਹੀਂ ਕੀਤਾ ਤੇ ਸੰਵਿਧਾਨਕ ਦਾਇਰੇ 'ਚ ਰਹਿ ਕੇ ਸਰਕਾਰ ਨੂੰ ਪੁੱਛਣਾ ਕੋਈ ਦਖ਼ਲਅੰਦਾਜ਼ੀ ਨਹੀਂ ਹੈ। ਮੁੱਖ ਮੰਤਰੀ ਵੱਲੋਂ ਬੀਤੇ ਦਿਨੀ ਵਿਧਾਨ ਸਭਾ ਸੈਸ਼ਨ ਦੌਰਾਨ ਪਾਸ ਕੀਤੇ ਗਏ ਚਾਰ ਬਿੱਲਾਂ ਬਾਰੇ ਇਹ ਕਹਿਣ ਕੇ ਉਹ ਜ਼ਰੂਰ ਪਾਸ ਹੋਣਗੇ, ਬਾਰੇ ਪੁੱਛੇ ਜਾਣ 'ਤੇ ਰਾਜਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਆਪ ਬੁਲਾਇਆ ਗਿਆ ਸੈਸ਼ਨ ਗ਼ੈਰ-ਸੰਵਿਧਾਨਕ ਹੈ ਤੇ ਉਸ 'ਚ ਪਾਸ ਕੀਤੇ ਗਏ ਬਿੱਲ ਵੀ ਗ਼ੈਰ- ਸੰਵਿਧਾਨਕ ਹੀ ਹਨ। ਉਹ ਸੰਵਿਧਾਨ ਦੀ ਪਾਲਣਾ ਕਰਦੇ ਹੋਏ ਹੀ ਵਿਧਾਨ ਸਭਾ ਸੋਸ਼ਨ 'ਤੇ ਰੋਕ ਲਾ ਰਹੇ ਸੀ। 


ਰਾਜਪਾਲ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ 'ਚ ਵਾਧਾ ਸਿਰਫ਼ ਉਸੇ ਹਾਲਤ 'ਚ ਕੀਤਾ ਜਾ ਸਕਦਾ ਹੈ, ਜਿਸ 'ਚ ਸੈਸ਼ਨ ਦੌਰਾਨ ਤੈਅ ਕੀਤੇ ਗਏ ਕੰਮ ਜਾਂ ਬਿੱਲਾਂ 'ਤੇ ਚਰਚਾ ਪੂਰੀ ਨਾ ਹੋਈ ਹੋਵੇ।ਬਜਟ ਸੈਸ਼ਨ ਦੌਰਾਨ ਬਜਟ ਪੇਸ਼ ਹੋਣ ਉਪਰੰਤ ਚਰਚਾ ਵੀ ਹੋ ਗਈ ਸੀ। ਚਰਚਾ ਉਪਰੰਤ ਬਜਟ ਪਾਸ ਵੀ ਕਰ ਦਿੱਤਾ ਗਿਆ ਸੀ। ਜੇਕਰ ਬਜਟ ਸਬੰਧੀ ਕੋਈ ਕੰਮ ਬਾਕੀ ਹੁੰਦਾ ਤਾਂ ਸੈਸ਼ਨ ਵਧਾਇਆ ਜਾ ਸਕਦਾ ਸੀ ਪਰ ਅਜਿਹਾ ਕੁਝ ਨਹੀਂ ਸੀ। 


ਭਗਵੰਤ ਮਾਨ ਵੱਲੋਂ ਉਨ੍ਹਾਂ ਬਾਰੇ ਵਿਧਾਨ ਸਭਾ 'ਚ ਵਰਤੀ ਗਈ ਭਾਸ਼ਾ ਸਬੰਧੀ ਪੁੱਛੇ ਜਾਣ ਉਪਰੰਤ ਰਾਜਪਾਲ ਬਨਵਾਰੀ ਲਾਲ ਨੇ ਕਿਹਾ ਕਿ ਭਗਵੰਤ ਮਾਨ ਉਨ੍ਹਾਂ ਦੇ ਬੱਚਿਆ ਵਰਗਾ ਹੈ। ਉਨ੍ਹਾਂ ਦਾ ਪੁੱਤਰ ਵੀ ਮੁੱਖ ਮੰਤਰੀ ਦੀ ਉਮਰ ਦਾ ਹੀ ਹੈ। ਇਸ ਲਈ ਉਨ੍ਹਾਂ ਦਾ ਸੁਭਾਅ ਬੱਚਿਆਂ ਬਾਰੇ ਕੋਈ ਵੀ ਗ਼ਲਤ ਟਿੱਪਣੀ ਕਰਨ ਦਾ ਨਹੀਂ ਹੈ। ਹਾਲਾਂਕਿ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਰਾਜਪਾਲ ਪ੍ਰਤੀ ਸੱਭਿਅਕ ਭਾਸ਼ਾ ਦੀ ਵਰਤੋਂ ਕਰਨ ਕਿਉਂਕਿ ਪੰਜਾਬ ਦੇ ਸਭਿਆਚਾਰ ਬਹੁਤ ਅਮੀਰ ਹੈ ਤੇ ਇੱਥੋਂ ਦੇ ਲੋਕ ਬਹੁਤ ਚੰਗੇ ਸੁਭਾਅ ਦੇ ਮਾਲਕ ਹਨ।