Jalandhar ByPoll Election: ਬੀਜੇਪੀ ਤੇ 'ਆਪ' ਦੇ ਉਮੀਦਵਾਰਾਂ ਦੀ ਖੇਡ ਨੇ ਜਲੰਧਰੀਆਂ ਨੂੰ ਉਲਝਾ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਬੀਜੇਪੀ ਛੱਡ ਕੇ ਆਏ ਮਹਿੰਦਰ ਭਗਤ ਨੂੰ ਟਿਕਟ ਦੇ ਦਿੱਤੀ ਹੈ ਤੇ ਬੀਜੇਪੀ ਨੇ ਆਮ ਆਦਮੀ ਪਾਰਟੀ ਛੱਡ ਕੇ ਆਏ ਸ਼ੀਤਲ ਅੰਗੁਰਾਲ ਨੂੰ ਟਿਕਟ ਦਿੱਤੀ ਹੈ। ਲੋਕ ਸਭਾ ਚੋਣਾਂ ਵਿੱਚ ਤਾਂ ਲੋਕਾਂ ਨੇ ਦਲਬਦਲੂਆਂ ਨੂੰ ਨਾਕਾਰ ਦਿੱਤਾ ਸੀ ਪਰ ਹੁਣ ਵੇਖਣਾ ਹੋਏਗਾ ਕਿ ਜ਼ਿਮਨੀ ਚੋਣ ਵਿੱਚ ਵੋਟਰ ਕਿਸ ਨੂੰ ਚੁਣਦੇ ਹਨ।
ਦੱਸ ਦਈਏ ਕਿ ਮਹਿੰਦਰ ਭਗਤ ਸਾਬਕਾ ਭਾਜਪਾ ਮੰਤਰੀ ਚੂਨੀ ਲਾਲ ਭਗਤ ਦੇ ਪੁੱਤਰ ਹਨ। ਜਲੰਧਰ ਪੱਛਮੀ ਹਲਕੇ ਵਿੱਚ ਉਨ੍ਹਾਂ ਦੀ ਮਜ਼ਬੂਤ ਪਕੜ ਹੈ। ਉਨ੍ਹਾਂ ਨੂੰ ਭਾਜਪਾ ਤੋਂ ਟਿਕਟ ਨਹੀਂ ਮਿਲੀ ਸੀ। ਦਿਲਚਸਪ ਗੱਲ ਇਹ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਦੋਵੇਂ ਉਮੀਦਵਾਰ ਮੈਦਾਨ ਵਿੱਚ ਸਨ। ਉਦੋਂ ਮਹਿੰਦਰ ਭਗਤ ਭਾਜਪਾ ਦੇ ਉਮੀਦਵਾਰ ਸਨ ਤੇ ਸ਼ੀਤਲ ਅੰਗੁਰਾਲ ‘ਆਪ’ ਦੇ ਉਮੀਦਵਾਰ ਸਨ। ਇਸ ਵਾਰ ਉਲਟਾ ਹੋ ਗਿਆ ਹੈ। ਭਗਤ 'ਆਪ' ਦੇ ਉਮੀਦਵਾਰ ਹਨ ਜਦਕਿ ਅੰਗੁਰਾਲ ਭਾਜਪਾ ਦੇ ਉਮੀਦਵਾਰ ਹਨ।
ਦਰਅਸਲ ਮਹਿੰਦਰ ਭਗਤ 2023 ਵਿੱਚ ਹੋਈਆਂ ਲੋਕ ਸਭਾ ਉਪ ਚੋਣਾਂ ਦੌਰਾਨ ਭਾਜਪਾ ਛੱਡ ਕੇ 'ਆਪ' ਵਿੱਚ ਸ਼ਾਮਲ ਹੋ ਗਏ ਸਨ। ਮਹਿੰਦਰ ਭਗਤ ਨੇ ਚੰਡੀਗੜ੍ਹ 'ਚ 'ਆਪ' ਦਾ ਝਾੜੂ ਫੜਿਆ ਸੀ। ਮਹਿੰਦਰ ਦੇ ਪਿਤਾ ਚੁੰਨੀ ਲਾਲ ਭਗਤ ਪੰਜਾਬ ਭਾਜਪਾ ਦਾ ਵੱਡਾ ਚਿਹਰਾ ਸਨ। ਉਹ ਸੂਬਾ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ। ਫਰਵਰੀ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਉਨ੍ਹਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ, ਜਿੱਥੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਉਧਰ, ਸ਼ੀਤਲ ਅੰਗੁਰਾਲ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 27 ਮਾਰਚ ਨੂੰ ਭਾਜਪਾ 'ਚ ਸ਼ਾਮਲ ਹੋਏ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ 29 ਮਈ ਨੂੰ ਅੰਗੁਰਾਲ ਨੇ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਅੰਗੁਰਲ ਨੇ 30 ਮਈ ਨੂੰ ਅਸਤੀਫਾ ਵਾਪਸ ਲੈਣ ਲਈ ਸਪੀਕਰ ਨੂੰ ਪੱਤਰ ਲਿਖਿਆ ਸੀ।
ਇਸ ਮਗਰੋਂ 3 ਜੂਨ ਨੂੰ ਸਪੀਕਰ ਨੇ ਅੰਗੁਰਲ ਨੂੰ ਉਨ੍ਹਾਂ ਦੇ ਅਸਤੀਫੇ 'ਤੇ ਚਰਚਾ ਕਰਨ ਲਈ ਬੁਲਾਇਆ ਸੀ ਪਰ ਅਚਾਨਕ 30 ਮਈ ਨੂੰ ਅੰਗੁਰਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ। ਇਸ 'ਤੇ ਅੰਗੁਰਾਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਨ ਦੀ ਗੱਲ ਕਹੀ ਸੀ।
ਸ਼ੀਤਲ ਅੰਗੁਰਾਲ ਨੇ ਲੋਕਾਂ ਨਾਲ ਧੋਖਾ: ਭਗਤਜਲੰਧਰ ਪੱਛਮੀ ਹਲਕੇ ਤੋਂ ਜ਼ਿਮਨੀ ਚੋਣ ਲਈ 'ਆਪ' ਉਮੀਦਵਾਰ ਮਹਿੰਦਰ ਭਗਤ ਨੇ ਕਿਹਾ ਹੈ ਕਿ ਮੇਰੇ 'ਤੇ ਭਰੋਸਾ ਜਤਾਉਣ ਲਈ ਮੈਂ ਪਾਰਟੀ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਨੇ ਲੋਕਾਂ ਨਾਲ ਧੋਖਾ ਕੀਤਾ ਹੈ। ਆਮ ਆਦਮੀ ਪਾਰਟੀ ਦੇ ਕੰਮ ਨੂੰ ਦੇਖ ਕੇ ਲੋਕਾਂ ਨੇ ਅੰਗੁਰਾਲ ਨੂੰ ਵੋਟਾਂ ਪਾਈਆਂ ਸਨ ਪਰ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਸ਼ੀਤਲ ਭਾਜਪਾ 'ਚ ਸ਼ਾਮਲ ਹੋ ਗਏ।
ਪੱਛਮੀ ਹਲਕਾ ਹੀ ਮੇਰਾ ਘਰ: ਅੰਗੁਰਾਲਉਧਰ, ਬੀਜੇਪੀ ਤੋਂ ਟਿਕਟ ਮਿਲਣ ਮਗਰੋਂ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਮੈਂ ਵੈਸਟ ਦਾ ਬੱਚਾ ਹਾਂ ਤੇ ਪੱਛਮੀ ਹਲਕਾ ਹੀ ਮੇਰਾ ਘਰ ਹੈ। ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਹਲਕੇ ਵਿੱਚ ਆਮ ਵਰਕਰ ਨੂੰ ਹੀ ਚੋਣ ਮੈਦਾਨ ਵਿੱਚ ਉਤਾਰੇਗੀ ਪਰ ਉਨ੍ਹਾਂ ਨੇ ਮਹਿੰਦਰ ਭਗਤ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ। ਭਗਤ ਕਰੋੜਪਤੀ ਉਮੀਦਵਾਰ ਹਨ।