Jalandhar bypoll: ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਇੱਕ ਰੁਪਏ ਦਾ ਵੀ ਦਾਗ ਨਹੀਂ ਲੱਗਿਆ। ਉਨ੍ਹਾਂ ਕਿਹਾ ਇੱਕੋ ਗੱਲ ਅਸੀਂ ਵਾਰ-ਵਾਰ ਕਹਿਣੇ ਹਾਂ ਕਿ ਜਿਹਨੇ ਵੀ ਪੰਜਾਬ ਦਾ ਪੈਸਾ ਖਾਧਾ, ਕਿਸੇ ਨੂੰ ਨਹੀਂ ਛੱਡਾਂਗੇ…ਸਾਰਿਆਂ ਦਾ ਹਿਸਾਬ ਹੋ ਕੇ ਰਹੇਗਾ…ਇਸੇ ਤਰ੍ਹਾਂ ਸਾਥ ਦਿੰਦੇ ਰਹੋ।
ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਮੈਂ ਕਿਸੇ ਮਾਫ਼ੀਏ ਜਾਂ ਕਾਰੋਬਾਰ ‘ਚ ਹਿੱਸਾ ਨਹੀਂ ਪਾਉਣਾ…ਨਾ ਹੀ ਮੈਂ ਆਪਣੇ ਕਿਸੇ ਰਿਸ਼ਤੇਦਾਰ ਨਾਲ ਹਿੱਸਾ ਪਾਉਣਾ…ਸਗੋਂ ਮੈਂ ਤਾਂ ਇਹ ਚਾਹੁੰਦਾ ਹਾਂ ਲੋਕਾਂ ਦੇ ਕਾਰੋਬਾਰ ਵਧਣ ਤੇ ਲੋਕ ਸਫ਼ਲਤਾ ਹਾਸਲ ਕਰਨ।
ਦੱਸ ਦਈਏ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਾਸਤੇ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਸ਼ਹਿਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਕੀਤੇ ਰੋਡ ਸ਼ੋਅ ਦੌਰਾਨ ਵਿਰੋਧੀਆਂ ’ਤੇ ਤਿੱਖੇ ਹਮਲੇ ਕੀਤੇ।
ਭਗਵੰਤ ਮਾਨ ਨੇ ਰੋਡ ਸ਼ੋਅ ਦੌਰਾਨ ਜਿੱਥੇ ਸਿੱਧੇ ਤੌਰ ’ਤੇ ਲੋਕਾਂ ਦਾ ਹਾਲ-ਚਾਲ ਪੁੱਛਿਆ, ਉਥੇ ਉਨ੍ਹਾਂ ਨੇ ਬੜੀ ਬੇਬਾਕੀ ਨਾਲ ਕਿਹਾ ਕਿ ‘ਆਪ’ ਦੇ ਉਮੀਦਵਾਰ ਸ਼ੁਸ਼ੀਲ ਰਿੰਕੂ ਨੂੰ 11 ਮਹੀਨਿਆਂ ਲਈ ਲੋਕ ਸਭਾ ਵਿੱਚ ਭੇਜੋ ਜੇ ਚੰਗਾ ਨਾ ਲੱਗਿਆ ਤਾਂ ਫਿਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਵੇਂ ਉਨ੍ਹਾਂ ਦੀ ਜ਼ਮਾਨਤ ਜ਼ਬਤ ਕਰਵਾ ਦਿਓ।
ਉਨ੍ਹਾਂ ਜਲੰਧਰ ਵਾਸੀਆਂ ਨੂੰ 10 ਮਈ ਨੂੰ ‘ਆਪ’ ਦੇ ਉਮੀਦਵਾਰ ਦੇ ਹੱਕ ਵੋਟ ਪਾਉਣ ਦੀ ਅਪੀਲ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਜਲੰਧਰ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ ਕਿਉਂਕਿ ਰਾਜ ਸਭਾ ਵਿੱਚ ਇੱਥੋਂ ਦੇ ਤਿੰਨ ਸੰਸਦ ਮੈਂਬਰ ਪਹਿਲਾਂ ਹੀ ਹਨ ਤੇ ਜੇਕਰ ਰਿੰਕੂ ਲੋਕ ਸਭਾ ਵਿੱਚ ਮੈਂਬਰ ਬਣਦੇ ਹਨ ਤਾਂ ਜਲੰਧਰ ਦੇ ਵਿਕਾਸ ਲਈ 20 ਕਰੋੜ ਰੁਪਏ ਆਉਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।