Jalandhar News: ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ ਕਾਂਗਰਸ ਨੇ ਤਿਆਰੀ ਖਿੱਚ ਲਈ ਹੈ। ਕਾਂਗਰਸ ਨੇ ਕਰਮਜੀਤ ਕੌਰ ਚੌਧਰੀ ਨੂੰ ਉਮੀਦਵਾਰ ਐਲਾਨ ਕੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਅਜੇ ਕਾਫੀ ਪਿਛੜ ਗਏ ਹਨ। ਜਲੰਧਰ ਦੀ ਜ਼ਿਮਨੀ ਚੋਣ (Jalandhar bypoll) ਆਮ ਆਦਮੀ ਪਾਰਟੀ ਲਈ ਵੱਕਾਰ ਦਾ ਸਵਾਲ ਹੈ ਕਿਉਂਕਿ ਪਾਰਟੀ ਇਸ ਤੋਂ ਪਹਿਲਾਂ ਸੰਗਰੂਰ ਜ਼ਿਮਨੀ ਚੋਣ ਹਾਰ ਚੁੱਕੀ ਹੈ।



ਜਲੰਧਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਵੀਰਵਾਰ ਨੂੰ ਡੇਰਾ ਸੱਚਖੰਡ ਬੱਲਾਂ, ਡੇਰਾ ਬਾਬਾ ਜੌੜੇ, ਭਗਵਾਨ ਵਾਲਮੀਕਿ ਯੋਗ ਆਸ਼ਰਮ (ਰਹੀਮਪੁਰ), ਡੇਰਾ ਬਾਬਾ ਮੁਰਾਦ ਸ਼ਾਹ, ਡੇਰਾ ਬਾਬਾ ਲਾਲ ਬਾਦਸ਼ਾਹ ਤੇ ਗੁਰਦੁਆਰਾ ਮਾਲੜੀ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨਾਲ ਕਈ ਵਿਧਾਇਕ ਵੀ ਹਾਜ਼ਰ ਸਨ।


ਹਾਸਲ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਸੰਤ ਬਾਬਾ ਨਿਰੰਜਨ ਦਾਸ, ਡੇਰਾ ਸੰਤ ਬਾਬਾ ਪ੍ਰੀਤਮ ਦਾਸ (ਬਾਬਾ ਜੌੜੇ) ਵਿਖੇ ਸੰਤ ਬਾਬਾ ਨਿਰਮਲ ਦਾਸ ਤੇ ਭਗਵਾਨ ਵਾਲਮੀਕਿ ਯੋਗ ਆਸ਼ਰਮ (ਰਹੀਮਪੁਰ) ਵਿਖੇ ਸੰਤ ਬਾਬਾ ਪ੍ਰਗਟ ਨਾਥ ਤੋਂ ਅਸ਼ੀਰਵਾਦ ਲਿਆ ਤੇ ਡੇਰਾ ਬਾਬਾ ਮੁਰਾਦ ਸ਼ਾਹ, ਡੇਰਾ ਬਾਬਾ ਲਾਲ ਬਾਦਸ਼ਾਹ ਤੇ ਗੁਰਦੁਆਰਾ ਸ੍ਰੀ ਮਾਲੜੀ ਸਾਹਿਬ ਵਿਖੇ ਮੱਥਾ ਟੇਕਿਆ।


ਹੋਰ ਪੜ੍ਹੋ : Jalandhar News: ਕੈਨੇਡਾ 'ਚ ਫਸੇ 700 ਪੰਜਾਬੀ ਵਿਦਿਆਰਥੀਆਂ ਦੇ ਹੱਕ 'ਚ ਡਟੇ ਸੰਤ ਸੀਚੇਵਾਲ, ਭਾਰਤ ਸਰਕਾਰ ਨੂੰ ਲਿਖੀ ਚਿੱਠੀ


ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਚੌਧਰੀ ਪਰਿਵਾਰ ਦਹਾਕਿਆਂ ਤੋਂ ਡੇਰਾ ਸੱਚਖੰਡ ਬੱਲਾਂ ਨਾਲ ਜੁੜੇ ਹੋਏ ਹਨ ਤੇ ਇਹ ਮਾਸਟਰ ਗੁਰਬੰਤਾ ਸਿੰਘ ਹੀ ਸਨ, ਜਿਨ੍ਹਾਂ ਨੇ 1976 ਵਿਚ ਬੱਲਾਂ ਵਿਖੇ ਸੰਤ ਹਰੀ ਦਾਸ ਸਤਿਸੰਗ ਹਾਲ ਦਾ ਨੀਂਹ ਪੱਥਰ ਰੱਖਿਆ ਸੀ।

ਉਨ੍ਹਾਂ ਕਿਹਾ ਕਿ ਹੁਣ ਨਵੀਂ ਬਣੀ ‘ਆਪ’ ਪਾਰਟੀ ਤੇ ਸਰਕਾਰ ਦੇ ਸਿਆਸੀ ਮੌਕਾਪ੍ਰਸਤ ਆਗੂ ਜਲੰਧਰ ਦੀ ਆਗਾਮੀ ਜ਼ਿਮਨੀ ਚੋਣ ਵਾਸਤੇ ਵੋਟਾਂ ਹਾਸਲ ਕਰਨ ਦੀ ਬੇਚੈਨੀ ਨਾਲ ਧਾਰਮਿਕ ਅਸਥਾਨਾਂ ਦੇ ਗੇੜੇ ਮਾਰ ਰਹੇ ਹਨ, ਪਰ ਅਸਲੀਅਤ ਇਹ ਹੈ ਕਿ ਲੋਕ ਇੱਕ ਸਾਲ ਵਿੱਚ ਹੀ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੇ ਹਨ ਤੇ ਮੌਕਾ ਮਿਲਦੇ ਸਾਰ ਹੀ ਉਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਤਿਆਰ ਹਨ।