Jalandhar News: ਜਲੰਧਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸ਼ੀਤਲ ਅੰਗੁਰਾਲ ਨੇ ਲਾਈਵ ਹੋ ਕੇ ਬਿਨ੍ਹਾਂ ਨਾਮ ਲਏ ਆਪਣੀ ਪਾਰਟੀ ਦੇ ਇੱਕ ਨੇਤਾ ਨੂੰ ਚੰਗੀ ਝਾੜ ਪਾਈ ਹੈ ।
ਉਨ੍ਹਾਂ ਨੇ ਬਿਨ੍ਹਾਂ ਨਾਂ ਲਏ ਕੁਝ ਸਮਾਂ ਪਹਿਲਾਂ ਪਾਰਟੀ 'ਚ ਸ਼ਾਮਲ ਹੋਏ ਨੇਤਾ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਲਾਈਵ ਦੌਰਾਨ ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਨੇ ਉਸ ਸਖ਼ਸ਼ ਨੂੰ ਸੱਤਾ ਸੌਂਪੀ ਹੈ, ਇਹ ਵਿਅਕਤੀ ਉਸਦੀ ਦੁਰਵਰਤੋਂ ਕਰ ਰਿਹਾ ਹੈ, ਜੋ ਕਿ ਬਹੁਤ ਗਲਤ ਹੈ। ਜੋ ਵੀ ਮੇਰੇ ਸੰਪਰਕ ਵਿੱਚ ਆਉਂਦਾ ਹੈ, ਇਹ ਸਖ਼ਸ਼ ਉਸ ਨੂੰ ਧਮਕੀਆਂ ਦੇ ਕੇ ਡਰਾਉਂਦਾ ਹੈ। ਇਹ ਸਖ਼ਸ਼ ਖੁਦ ਸ਼ਹਿਰ ਦੇ ਕਈ ਗੈਂਗਸਟਰਾਂ ਦਾ ਸਮਰਥਨ ਕਰ ਰਿਹਾ ਹੈ।
ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਖ਼ਸ਼ ਦੇ ਖਿਲਾਫ AAP ਹਾਈ ਕਮਾਨ ਨੂੰ ਦਿੱਲੀ ਜਾ ਕੇ ਸਾਰੇ ਸਬੂਤ ਪੇਸ਼ ਕੀਤੇ ਹਨ।
ਵਿਧਾਇਕ ਸ਼ੀਤਲ ਅੰਗੁਰਾਲ ਆਪਣੇ ਲਾਈਵ ਵਿੱਚ ਕਿਹਾ ਕਿ ਇਹ ਸਖ਼ਸ ਆਮ ਆਦਮੀ ਪਾਰਟੀ ਨੂੰ ਵੀ ਬਦਨਾਮ ਕਰ ਰਿਹਾ ਹੈ। ਜਿਸ ਪਾਰਟੀ ਨੇ ਇਸ ਨੂੰ ਕੁਰਸੀ ਦਿੱਤੀ ਇਹ ਉਸ ਨੂੰ ਹੀ ਖਤਮ ਕਰਨ ਉੱਤੇ ਲੱਗਿਆ ਹੈ। ਮੈਂ ਲੰਬੇ ਸਮੇਂ ਤੋਂ ਕੁਝ ਨਹੀਂ ਕਿਹਾ ਪਰ ਹੁਣ ਘੜਾ ਭਰ ਗਿਆ ਹੈ, ਮੈਂ ਹੁਣ ਚੁੱਪ ਨਹੀਂ ਰਹਿ ਸਕਦਾ। ਮੈਂ ਆਪਣੇ ਲੋਕਾਂ ਦਾ ਮਾੜਾ ਨਹੀਂ ਹੋਣ ਦਿਆਂਗਾ, ਇਸ ਲਈ ਭਾਵੇਂ ਮੈਨੂੰ ਆਪਣੀ ਕੁਰਸੀ ਗੁਆਉਣੀ ਪਵੇ, ਮੇਰੀ ਲੜਾਈ ਜਾਰੀ ਰਹੇਗੀ।