Jalandhar News: ਜਲੰਧਰ ਪੱਛਮੀ ਰਾਖਵੇਂ ਵਿਧਾਨ ਸਭਾ ਹਲਕੇ ਦੀ 10 ਜੁਲਾਈ ਨੂੰ ਹੋਈ ਜ਼ਿਮਨੀ ਚੋਣ ਵਿੱਚ ਹੁਕਮਰਾਨ ਧਿਰ ‘ਆਪ’ ਦੇ ਉਮੀਦਵਾਰ ਮਹਿੰਦਰ ਭਗਤ ਨੇ ਬਾਜ਼ੀ ਮਾਰਦਿਆਂ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ ਲਈ ਇਹ ਜਿੱਤ ਖਾਸ ਮਾਇਨੇ ਰੱਖਦੀ ਹੈ। ਇਸ ਨਾਲ ਸੱਤਾਧਿਰ ਲੋਕ ਸਭਾ ਚੋਣਾਂ ਵਿੱਚ ਹਾਰ ਕਾਰਨ ਹੋਈ ਨਿਮੋਸ਼ੀ ਤੋਂ ਉਭਰੇਗੀ। 



ਦੱਸ ਦਈਏ ਕਿ ਮਹਿੰਦਰ ਭਗਤ ਨੇ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ 37325 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਮਹਿੰਦਰ ਭਗਤ ਨੂੰ ਕੁੱਲ 55246 ਵੋਟਾਂ ਪਈਆਂ ਜਦਕਿ ਸ਼ੀਤਲ ਅੰਗੁਰਾਲ ਸਿਰਫ਼ 17921 ਵੋਟਾਂ ਹੀ ਹਾਸਲ ਕਰ ਸਕੇ। ਸ਼ੀਤਲ ਅੰਗੁਰਾਲ 2022 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਇਸੇ ਹਲਕੇ ਤੋਂ ‘ਆਪ’ ਦੀ ਟਿਕਟ ’ਤੇ ਚੋਣ ਜਿੱਤੇ ਸਨ ਪਰ ਉਨ੍ਹਾਂ ਐਤਕੀਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਇਕੀ ਤੋਂ ਅਸਤੀਫ਼ਾ ਦਿੰਦਿਆਂ ਭਾਜਪਾ ਦਾ ਪੱਲਾ ਫੜ ਲਿਆ ਸੀ।



‘ਆਪ’ ਉਮੀਦਵਾਰ ਮਹਿੰਦਰ ਭਗਤ ਨੇ ਪਹਿਲੇ ਗੇੜ ਵਿੱਚ ਹੀ ਆਪਣੇ ਵਿਰੋਧੀਆਂ ਨੂੰ ਪਛਾੜਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਆਖਰੀ 13ਵੇਂ ਗੇੜ ਤੱਕ ਲੀਡ ਨਹੀਂ ਟੁੱਟੀ। ਕਾਂਗਰਸ ਪਾਰਟੀ, ਜਿਸ ਨੇ ਹੁਣੇ ਜਿਹੇ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਤੋਂ ਜਿੱਤ ਹਾਸਲ ਕੀਤੀ ਸੀ, ਦੀ ਉਮੀਦਵਾਰ ਸੁਰਿੰਦਰ ਕੌਰ ਖਿਸਕ ਕੇ ਤੀਜੇ ਸਥਾਨ ’ਤੇ ਪਹੁੰਚ ਗਈ। 



ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਨੂੰ 16757, ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤ ਕੌਰ ਨੂੰ 1242, ਬਹੁਜਨ ਸਮਾਜ ਪਾਰਟੀ ਦੇ ਬਿੰਦਰ ਕੁਮਾਰ ਲਾਖਾ ਨੂੰ 734 ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਬਜੀਤ ਸਿੰਘ ਖਾਲਸਾ ਨੂੰ 662 ਵੋਟਾਂ ਮਿਲੀਆਂ। 


ਚੋਣ ਮੈਦਾਨ ’ਚ ਆਜ਼ਾਦ ਉਮੀਦਵਾਰ ਵਜੋਂ ਨਿੱਤਰੇ ਅਜੇ ਕੁਮਾਰ ਭਗਤ ਨੂੰ 346, ਅਜੇ ਪਾਲ ਵਾਲਮੀਕਿ ਨੂੰ 62, ਆਰਤੀ ਨੂੰ 43, ਇੰਦਰਜੀਤ ਸਿੰਘ ਨੂੰ 139, ਦੀਪਕ ਭਗਤ ਨੂੰ 94, ਨੀਟੂ ਸ਼ਟਰਾਂ ਵਾਲਾ ਨੂੰ 236, ਰਾਜ ਕੁਮਾਰ ਸਾਕੀ ਨੂੰ 113, ਵਰੁਨ ਕਲੇਰ ਵਰੀ ਨੂੰ 192 ਤੇ ਵਿਸ਼ਾਲ ਨੂੰ 135 ਵੋਟਾਂ ਹਾਸਲ ਹੋਈਆਂ। ਇਸੇ ਤਰ੍ਹਾਂ 687 ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।