Crime News: ਜਲੰਧਰ ਦੇ ਕਰਤਾਰਪੁਰ 'ਚ ਰਾਹ ਨਾ ਦੇਣ 'ਤੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਦਕਿ ਮ੍ਰਿਤਕ ਦਾ ਇੱਕ ਸਾਥੀ ਜ਼ਖਮੀ ਹੋ ਗਿਆ ਹੈ। ਜ਼ਖਮੀ ਦਾ ਕਹਿਣਾ ਹੈ ਕਿ ਕਾਤਲ ਆਪਣੇ ਆਪ ਨੂੰ ਭੀਖਣ ਨੰਗਲ ਦੇ ਗੈਂਗਸਟਰ ਵਿਜੇ ਬਦਮਾਸ਼ ਦਾ ਭਤੀਜਾ ਦੱਸ ਰਿਹਾ ਸੀ।
ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਵਜੋਂ ਹੋਈ ਹੈ। ਇਸ ਦੇ ਨਾਲ ਹੀ ਮ੍ਰਿਤਕ ਦਾ ਭਰਾ ਗੁਰਪ੍ਰੀਤ ਸਿੰਘ ਲਾਲੀ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਜਸਕਰਨ ਸਿੰਘ ਵਾਸੀ ਕਰਤਾਰਪੁਰ ਨੂੰ ਨਾਮਜ਼ਦ ਕਰਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੇ ਕੀਤੀ ਛਾਪੇਮਾਰੀ ਪਰ ਹੱਥ ਖਾਲੀ
ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਪਿੰਡ ਦੇ ਹੀ ਕਿਸਾਨ ਪਰਿਵਾਰ ਦਾ ਲੜਕਾ ਸੀ। ਉਹ ਵਿਆਹਿਆ ਹੋਇਆ ਸੀ ਅਤੇ ਉਸ ਦੇ 3 ਬੱਚੇ ਸਨ। ਅੱਜ ਸਵੇਰੇ ਪੁਲਿਸ ਨੇ ਪਿੰਡ ਭੀਖਣ ਨਗਰ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ, ਪਰ ਕੁਝ ਹੱਥ ਨਹੀਂ ਲੱਗਾ। ਥਾਣਾ ਕਰਤਾਰਪੁਰ ਦੇ ਐਸਐਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਟੀਮਾਂ ਮੁਲਜ਼ਮਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਜਲਦੀ ਹੀ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਆਖ਼ਰ ਕੀ ਹੈ ਪੂਰਾ ਮਾਮਲਾ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਦੇਰ ਸ਼ਾਮ ਭੁਲੱਥ ਰੋਡ 'ਤੇ ਸਥਿਤ ਪਿੰਡ ਮੱਲੀਆਂ 'ਚ ਵਾਪਰੀ ਜਿਸ ਦੌਰਾਨ ਜ਼ਿਮੀਂਦਾਰ ਮਨਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਟਰੈਕਟਰ-ਕਮ ਜੇ.ਸੀ.ਬੀ. ਵਿੱਚ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਆ ਰਹੇ ਸਨ। ਰਸਤੇ ਵਿੱਚ ਮੁਲਜ਼ਮ ਜਸਕਰਨ ਸਿੰਘ ਆਪਣੀ ਆਈ-20 ਕਾਰ ਲੈ ਕੇ ਸੜਕ ’ਤੇ ਖੜ੍ਹਾ ਸੀ। ਉਸ ਦੇ ਨਾਲ ਕੁਝ ਹੋਰ ਲੋਕ ਵੀ ਸਨ, ਜੋ ਆਪਣੀ ਕਾਰ ਸੜਕ ਖੜ੍ਹੀ ਕਰਕੇ ਬੀਅਰ ਪੀ ਰਹੇ ਸਨ ਜਦੋਂ ਉਨ੍ਹਾਂ ਨੂੰ ਕਾਰ ਪਾਸੇ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਗੁਰਪ੍ਰੀਤ ਦੀ ਕੁੱਟਮਾਰ ਕੀਤੀ। ਇਸ ਮੌਕੇ ਜਦੋਂ ਮਨਜਿੰਦਰ ਸਿੰਘ ਛੁਡਵਾਉਣ ਆਇਆ ਤਾਂ ਉਨ੍ਹਾਂ ਨੇ ਉਸ ਉੱਤੇ ਗੋਲ਼ੀਆਂ ਚਲਾ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਉੱਤੇ ਫ਼ਰਾਰ ਹੋ ਗਏ।