Jalandhar News: ਢਿੱਲੋਂ ਭਰਾਵਾਂ ਦੇ ਖੁਦਕੁਸ਼ੀ ਮਾਮਲੇ ਵਿੱਚ ਨਵਾਂ ਅਪਡੇਟ ਸਾਹਮਣੇ ਆਇਆ ਹੈ। ਹੁਣ ਡੀਜੀਪੀ ਗੌਰਵ ਯਾਦਵ ਨੇ ਮੁਲਜ਼ਮ ਥਾਣੇਦਾਰ ਨਵਦੀਪ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਹੈ। ਇਸ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਨੌਜਵਾਨ ਜਸ਼ਨਬੀਰ ਸਿੰਘ ਦਾ ਜਲੰਧਰ ਦੇ ਮਾਡਲ ਟਾਊਨ ਸਥਿਤ ਸਮਸ਼ਾਨਘਾਟ ਵਿੱਚ ਸੰਸਕਾਰ ਕਰ ਦਿੱਤਾ। ਪਹਿਲਾਂ ਪੀੜਤ ਪਰਿਵਾਰ ਇਸ ਗੱਲ ’ਤੇ ਅੜਿਆ ਹੋਇਆ ਸੀ ਕਿ ਜਦੋਂ ਤੱਕ ਮਾਨਵਜੀਤ ਸਿੰਘ ਢਿੱਲੋਂ ਦੀ ਲਾਸ਼ ਵੀ ਬਰਾਮਦ ਨਹੀਂ ਹੁੰਦੀ ਤੇ ਥਾਣੇਦਾਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਜਸ਼ਨਬੀਰ ਸਿੰਘ ਢਿੱਲੋਂ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ।



ਥਾਣੇਦਾਰ ਨਵਦੀਪ ਸਿੰਘ ਨੂੰ ਡੀਜੀਪੀ ਨੇ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ


ਇੱਥੋਂ ਦੇ ਥਾਣਾ ਡਿਵੀਜ਼ਨ ਨੰਬਰ 1 ਦੇ ਸਾਬਕਾ ਥਾਣੇਦਾਰ ਨਵਦੀਪ ਸਿੰਘ ਨੂੰ ਡੀਜੀਪੀ ਨੇ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਹੈ। ਇਸੇ ਤਰ੍ਹਾਂ ਇੰਸਪੈਕਟਰ ਨਵਦੀਪ ਸਿੰਘ ਖ਼ਿਲਾਫ਼ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਵੱਲੋਂ 306 ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਪਰਿਵਾਰ ਨੇ ਸੀਐਮ ਹਾਊਸ ਦੇ ਘਿਰਾਓ ਦਾ ਫ਼ੈਸਲਾ ਵਾਪਸ ਲੈ ਲਿਆ ਹੈ।


ਪੁਲਿਸ ਵਾਲਿਆਂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ


ਜਲੰਧਰ ਦੇ ਢਿੱਲੋਂ ਭਰਾਵਾਂ ਮਾਨਵਜੀਤ ਤੇ ਜਸ਼ਨਵੀਰ ਢਿੱਲੋਂ ਦੇ ਖੁਦਕੁਸ਼ੀ ਮਾਮਲੇ 'ਚ ਲਾਈਨ ਹਾਜ਼ਰ ਚੱਲ ਰਹੇ ਥਾਣਾ ਇੰਚਾਰਜ ਨਵਦੀਪ ਸਿੰਘ, ਮੁਨਸ਼ੀ ਬਲਵਿੰਦਰ ਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਫਰਾਰ ਹੋ ਗਏ ਹਨ। ਜਸ਼ਨਵੀਰ ਦੀ ਲਾਸ਼ ਮਿਲਣ ਮਗਰੋਂ ਉਨ੍ਹਾਂ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ। ਫਰਾਰ ਹੋਣ ਮਗਰੋਂ ਪੁਲਿਸ ਵਾਲਿਆਂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।


ਪੁਲਿਸ ਕੇਸ ਮੁਤਾਬਕ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਤਤਕਾਲੀ ਐਸਐਚਓ ਨਵਦੀਪ ਸਿੰਘ, ਮੁਨਸ਼ੀ ਬਲਵਿੰਦਰ ਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਵੱਲੋਂ ਤਸ਼ੱਦਦ ਤੇ ਜ਼ਲੀਲ ਕੀਤੇ ਜਾਣ ਤੋਂ ਬਾਅਦ ਢਿੱਲੋਂ ਭਰਾਵਾਂ ਮਾਨਵਜੀਤ ਤੇ ਜਸ਼ਨਵੀਰ ਨੇ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ। ਜਸ਼ਨਵੀਰ ਦੀ ਲਾਸ਼ ਤਿੰਨ ਦਿਨ ਪਹਿਲਾਂ ਖੇਤ ਵਿੱਚ ਦੱਬੀ ਹੋਈ ਮਿਲੀ ਸੀ ਪਰ ਮਾਨਵਜੀਤ ਦੀ ਲਾਸ਼ ਅਜੇ ਤੱਕ ਨਹੀਂ ਮਿਲੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।