Jalandhar News: ਰੂਸ-ਯੂਕਰੇਨ ਜੰਗ ਵਿੱਚ ਪੰਜਾਬੀ ਨੌਜਵਾਨ ਮਰ ਰਹੇ ਹਨ। ਰੂਸ ਵੱਲੋਂ ਧੱਕੇ ਨਾਲ ਜੰਗ ਵਿੱਚ ਭੇਜੇ ਪੰਜਾਬੀ ਨੌਜਵਾਨਾਂ ਦੀ ਵੀਡੀਓ ਸਾਹਮਣੇ ਆਈ ਹੈ। ਉਨ੍ਹਾਂ ਨੇ ਉਥੋਂ ਦੇ ਦਿਲ ਦਹਿਲਾਉਣ ਵਾਲੇ ਹਾਲਾਤ ਸਾਂਝੇ ਕੀਤੇ ਹਨ। ਹੁਣ ਤੱਕ ਤਿੰਨ ਪੰਜਾਬੀ ਜਵਾਨ ਸ਼ਹੀਦ ਹੋ ਚੁੱਕੇ ਹਨ। ਬਾਕੀਆਂ ਨੂੰ ਵੀ ਮੌਤ ਦਾ ਡਰ ਹੈ। 


ਦੱਸ ਦਈਏ ਕਿ ਰੂਸ 'ਚ ਫਸੇ ਪੰਜਾਬੀ ਨੌਜਵਾਨਾਂ ਦੀਆਂ ਦੋ ਹੋਰ ਵੀਡੀਓ ਸਾਹਮਣੇ ਆਈਆਂ ਹਨ। ਉਨ੍ਹਾਂ ਨੇ 17 ਮਾਰਚ ਨੂੰ ਇੱਕ ਵੀਡੀਓ ਬਣਾ ਕੇ ਭਾਰਤੀ ਦੂਤਾਵਾਸ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਰੂਸ ਤੋਂ ਬਾਹਰ ਕੱਢਣ ਵਿੱਚ ਮਦਦ ਕੀਤੀ ਜਾਵੇ ਕਿਉਂਕਿ ਉਨ੍ਹਾਂ ਨੂੰ ਯੂਕਰੇਨ ਨਾਲ ਜੰਗ ਲੜਨ ਲਈ ਭੇਜਿਆ ਜਾ ਰਿਹਾ ਹੈ।



ਇਸ ਤੋਂ ਕੁਝ ਦਿਨਾਂ ਬਾਅਦ ਨੌਜਵਾਨਾਂ ਨੇ ਇੱਕ ਹੋਰ ਵੀਡੀਓ ਬਣਾਈ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਸਮੇਂ ਯੂਕਰੇਨ ਵਿੱਚ ਹਨ ਤੇ ਰੂਸੀ ਫੌਜ ਨੇ ਉਨ੍ਹਾਂ ਨੂੰ ਯੂਕਰੇਨ ਵਿਰੁੱਧ ਜੰਗ ਲੜਨ ਲਈ ਭੇਜਿਆ ਹੈ। 10 ਦਿਨ ਫਰੰਟ ਲਾਈਨ 'ਤੇ ਡਿਊਟੀ ਕਰਨ ਤੋਂ ਬਾਅਦ ਹੁਣ ਉਨ੍ਹਾਂ ਨੂੰ 3 ਦਿਨ ਦੀ ਛੁੱਟੀ 'ਤੇ ਵਾਪਸ ਭੇਜ ਦਿੱਤਾ ਗਿਆ ਹੈ।



ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਨਾਲ ਜੰਗ ਵਿੱਚ ਗੋਲੀ ਲੱਗਣ ਨਾਲ ਤਿੰਨ ਜਵਾਨਾਂ ਦੀ ਮੌਤ ਹੋ ਗਈ ਹੈ। ਤਿੰਨ ਦਿਨਾਂ ਦੀ ਛੁੱਟੀ ਤੋਂ ਬਾਅਦ ਉਨ੍ਹਾਂ ਨੂੰ ਮੁੜ ਯੂਕਰੇਨ ਵਿਰੁੱਧ ਜੰਗ ਲੜਨ ਲਈ ਫਰੰਟ ਲਾਈਨ ਵਿੱਚ ਭੇਜਿਆ ਜਾਵੇਗਾ ਜਿੱਥੇ ਉਹ ਵੀ ਆਪਣੀ ਜਾਨ ਗੁਆ ਸਕਦੇ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਕੋਲ ਉਨ੍ਹਾਂ ਦੀਆਂ ਲਾਸ਼ਾਂ ਤੱਕ ਵੀ ਨਹੀਂ ਪਹੁੰਚ ਸਕਣਗੀਆਂ।



ਇਸ ਲਈ ਉਨ੍ਹਾਂ ਕੇਂਦਰ ਸਰਕਾਰ ਤੋਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਉਥੋਂ ਕੱਢਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਦੂਤਘਰ ਨੇ ਅਜੇ ਤੱਕ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ। ਇਸ ਵਾਇਰਲ ਵੀਡੀਓ ਵਿੱਚ ਗੁਰਦਾਸਪੁਰ ਦੇ ਡੇਰੀਵਾਲ ਕਿਰਨ ਪਿੰਡ ਦਾ ਨੌਜਵਾਨ ਗਗਨਦੀਪ ਸਿੰਘ ਵੀ ਸ਼ਾਮਲ ਹੈ। 



ਇਸ ਦੂਸਰੀ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਰੂਸ ਵਿੱਚ ਫਸੇ ਗੁਰਦਾਸਪੁਰ ਦੇ ਨੌਜਵਾਨ ਗਗਨਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਤੇ ਉਸ ਦੇ ਪਰਿਵਾਰ ਵਾਲੇ ਬਹੁਤ ਚਿੰਤਤ ਹਨ। ਉਨ੍ਹਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਉਥੋਂ ਬਾਹਰ ਕੱਢਿਆ ਜਾਵੇ।