Crime News: ਜਲੰਧਰ 'ਚ ਸੋਮਵਾਰ ਸਵੇਰੇ ਹਥਿਆਰਬੰਦ ਬਦਮਾਸ਼ਾਂ ਨੇ ਇੱਕ ਆੜ੍ਹਤੀਏ ਦੇ ਘਰੋਂ ਬੰਦੂਕ ਦੀ ਨੋਕ 'ਤੇ 12 ਲੱਖ ਰੁਪਏ ਦੀ ਨਕਦੀ ਅਤੇ 15 ਲੱਖ ਰੁਪਏ ਦੇ ਗਹਿਣੇ ਲੁੱਟ ਲਏ। ਬਦਮਾਸ਼ਾਂ ਨੇ ਘਰ ਵਿੱਚ ਦਾਖ਼ਲ ਹੁੰਦਿਆਂ ਸਾਰ ਹੀ ਸਬਜ਼ੀ ਵਪਾਰੀ ਦੇ ਪਰਿਵਾਰ ਨੂੰ ਹਥਿਆਰਾਂ ਦੀ ਨੋਕ ਉੱਤੇ ਬੰਧੀ ਬਣਾ ਲਿਆ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਘਟਨਾ ਮਕਸੂਦਾਂ ਦੀ ਗਲੀ ਨੰਬਰ-3 ਦੇ ਸ਼ੀਤਲ ਨਗਰ ਦੀ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰੋਬਾਰੀ ਨੇ ਘਰ 'ਚ ਇੰਨੇ ਪੈਸੇ ਕਿਉਂ ਰੱਖੇ ਹੋਏ ਸਨ।
ਪਰਿਵਾਰ ਵਾਲਿਆਂ ਨੂੰ ਬੰਧਕ ਬਣਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਸਬਜ਼ੀ ਕਾਰੋਬਾਰੀ ਬਲਰਾਮ ਨੇ ਪੁਲਿਸ ਨੂੰ ਦੱਸਿਆ ਕਿ ਸੋਮਵਾਰ ਤੜਕੇ ਨਕਾਬਪੋਸ਼ ਲੁਟੇਰੇ ਉਸ ਦੇ ਘਰ ਦਾਖਲ ਹੋਏ। ਮੁਲਜ਼ਮਾਂ ਨੇ ਘਰੇ ਪਹੁੰਚ ਕੇ ਬੰਦੂਕ ਦੀ ਨੋਕ 'ਤੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ ਜਿਸ ਤੋਂ ਬਾਅਦ ਮੁਲਜ਼ਮਾਂ ਨੇ ਘਰ ਲੁੱਟ ਲਿਆ। ਪੀੜਤ ਔਰਤ ਅਨੁਸਾਰ ਸਵੇਰੇ 6:15 ਵਜੇ ਦੇ ਕਰੀਬ ਤਿੰਨ ਮੁਲਜ਼ਮ ਉਸ ਦੇ ਘਰ ਵਿੱਚ ਦਾਖ਼ਲ ਹੋਏ ਸਨ ਅਤੇ ਸਾਢੇ ਛੇ ਵਜੇ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਸਨ।
ਬੱਚੇ ਦੇ ਸਿਰ ਉੱਤੇ ਤਾਣ ਦਿੱਤੀ ਬੰਦੂਖ
ਆੜ੍ਹਤੀਏ ਦੀ ਪਤਨੀ ਪੁਸ਼ਪਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਬਲਰਾਮ ਮਕਸੂਦਾ ਸਬਜ਼ੀ ਮੰਡੀ ਵਿੱਚ ਆੜ੍ਹਤੀਏ ਵਜੋਂ ਕੰਮ ਕਰਦਾ ਹੈ। ਹਰ ਰੋਜ਼ ਦੀ ਤਰ੍ਹਾਂ ਉਹ ਸਵੇਰੇ ਆਪਣੇ ਕੰਮ 'ਤੇ ਗਏ। ਸਵੇਰੇ 6:15 ਵਜੇ ਜਦੋਂ ਕਿਸੇ ਨੇ ਦਰਵਾਜ਼ਾ ਖੜਕਾਇਆ ਤਾਂ ਉਹ ਖੋਲ੍ਹਣ ਗਈ। ਦਰਵਾਜ਼ਾ ਖੋਲ੍ਹਦੇ ਹੀ ਨਕਾਬਪੋਸ਼ ਲੁਟੇਰੇ ਘਰ ਅੰਦਰ ਦਾਖਲ ਹੋ ਗਏ। ਮੁਲਜ਼ਮਾਂ ਨੇ ਆਉਂਦੇ ਹੀ ਉਸ ਨੂੰ ਬੰਦੂਕ ਦੀ ਨੋਕ ’ਤੇ ਬੰਧਕ ਬਣਾ ਲਿਆ ਤੇ ਉਸ ਦੇ ਬੱਚੇ ਦੇ ਸਿਰ ਉੱਤੇ ਬੰਦੂਖ ਤਾਣ ਦਿੱਤੀ।
15 ਮਿੰਟਾਂ ਵਿੱਚ ਕੀਤਾ ਘਰ ਖ਼ਾਲੀ !
ਪੁਸ਼ਪਾ ਨੇ ਦੱਸਿਆ ਕਿ ਦੋਸ਼ੀ ਨੇ ਉਸ ਨੂੰ ਕਿਹਾ- ਤੇਰੇ ਪਤੀ ਨੇ ਕਾਫੀ ਪੈਸਾ ਕਮਾਇਆ ਹੈ। ਜਲਦੀ ਦੱਸੋ ਪੈਸੇ ਕਿੱਥੇ ਰੱਖੇ ਹਨ। ਪੁਸ਼ਪਾ ਨੇ ਦੱਸਿਆ ਕਿ ਦੋਸ਼ੀ ਕਰੀਬ 15 ਮਿੰਟ ਤੱਕ ਘਰ ਦੇ ਅੰਦਰ ਹੀ ਰਹੇ। ਘਟਨਾ 'ਚ ਦੋਸ਼ੀ ਉਨ੍ਹਾਂ ਦੇ ਘਰੋਂ ਵਿਆਹ 'ਚ ਮਿਲੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।