ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਹੁਕਮਾਂ ਕਾਰਣ ਪੰਜਾਬ ਪੁਲਿਸ ਵੱਲੋਂ ਇਤਿਹਾਸਕ ਗੁਰਦਵਾਰਾ ਸ਼੍ਰੀ ਬੇਰ ਸਾਹਿਬ ਦੀ ਹਦੂਦ ਅੰਦਰ ਸਥਿਤ ਸ਼੍ਰੀ ਅਕਾਲ ਬੁੰਗਾ ਸੁਲਤਾਨਪੁਰ ਲੋਧੀ ਅੰਦਰ ਅੰਮ੍ਰਿਤ ਵੇਲੇ ਬੂਟਾਂ ਸਮੇਤ ਦਾਖਲ ਹੋਕੇ ਚੱਲਦੇ ਸ਼੍ਰੀ ਅਖੰਡ ਪਾਠ ਸਾਹਿਬ ਦੌਰਾਨ ਗੁਰਬਾਣੀ ਪੜ ਰਹੇ ਤੇ ਨਿਤਨੇਮ ਕਰ ਰਹੇ ਨਿਹੰਗ ਸਿੰਘਾਂ 'ਤੇ ਗੋਲੀ ਚਲਾਉਣ ਦੇ ਦਿੱਤੇ ਹੁਕਮਾਂ ਕਾਰਣ ਮੁੱਖ ਮੰਤਰੀ ਭਗਵੰਤ ਮਾਨ 'ਤੇ ਤੁਰੰਤ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।


ਬਿਕਰਮ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਇਹ ਵੀ ਦੱਸੇ ਕਿ ਉਸਦੀ ਕੀ ਮਜ਼ਬੂਰੀ ਸੀ ਕਿ ਉਸਨੇ ਗੁਰਦਵਾਰਾ ਸ਼੍ਰੀ ਅਕਾਲ ਬੁੰਗਾ 'ਤੇ ਅੰਨੇਵਾਹ ਗੋਲੀ ਚਲਾਉਣ ਦੇ ਹੁਕਮ ਕਿਉਂ ਦਿੱਤੇ।ਉਨਾਂ ਇਹ ਵੀ ਸਪਸ਼ਟ ਕੀਤਾ ਕਿ ਭਗਵੰਤ ਮਾਨ ਨੇ ਗੋਲੀ ਚਲਾਉਣ ਦੇ ਹੁਕਮ ਬਾਬਾ ਬਲਬੀਰ ਸਿੰਘ ਬੁੱਢਾ ਦਲ ਦੇ ਨਾਲ ਆਪਣੇ ਨੇੜਲੇ ਸੰਬੰਧਾਂ ਕਾਰਣ ਦੂਜੇ ਧੜੇ ਦੇ ਨਿਹੰਗ ਸਿੰਘਾਂ ਤੋਂ ਕਬਜ਼ਾ ਹਰ ਹਾਲਤ ਖਾਲੀ ਕਰਵਾਉਣ ਲਈ ਦਿੱਤੇ ਸਨ।


ਉਨਾਂ ਨੇ ਭਗਵੰਤ ਮਾਨ, ਉਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਦੀ ਨਿਹੰਗ ਮੁੱਖੀ ਬਾਬਾ ਬਲਬੀਰ ਸਿੰਘ ਨਾਲ ਨੇੜਲੀ ਸਾਂਝ ਨੂੰ ਸਾਬਤ ਕਰਦਿਆਂ ਦੀਆਂ ਕਈ ਵੀਡੀਓਜ ਤੇ ਫੋਟੋਆਂ ਵੀ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਕਰਮੀਆਂ ਨੂੰ ਦਿਖਾਈਆਂ। ਮਾਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਖੁਦ ਹੀ ਲੰਬੇ ਸਮੇਂ ਤੋਂ ਦਾਅਵਾ ਕਰਦਾ ਆਇਆ ਹੈ ਕਿ ਸੂਬੇ ਅੰਦਰ ਲੋਕਾਂ ਉੱਤੇ ਗੋਲੀ ਚਲਾਉਣ ਦਾ ਹੁਕਮ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹੀ ਦੇ ਸਕਦੇ ਹਨ। ਸੋ ਭਗਵੰਤ ਮਾਨ ਵਿਰੁੱਧ ਧਾਰਾ 302 ਅਧੀਨ ਅਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਣ ਦਾ ਕੇਸ ਦਰਜ ਕਰਨਾ ਬਣਦਾ ਹੈ। 





ਉਨਾਂ ਨੇ ਭਗਵੰਤ ਮਾਨ ਦੀ ਤੁਲਣਾ ਇੰਦਰਾਂ ਗਾਂਧੀ ਨਾਲ ਕੀਤੀ ਜਿਸਨੇ 1984 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦਵਾਰਾ ਸਾਹਿਬਾਨ 'ਤੇ ਹਮਲਾ ਕੀਤਾ ਸੀ।ਉਨਾਂ ਇਹ ਵੀ ਦਾਅਵਾ ਕੀਤਾ ਕਿ ਉਥੇ ਕਿਸੇ ਵੀ ਤਰਾਂ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਸੀ।ਜਿਸ ਸਮੇਂ ਪੁਲਿਸ ਵੱਲੋਂ ਨਿਹੰਗ ਸਿੰਘਾਂ 'ਤੇ ਗੋਲੀ ਚਲਾਈ ਗਈ ਉਸ ਸਮੇਂ ਪ੍ਰਸਾਸ਼ਨ ਵੱਲੋਂ ਉਥੇ ਕੋਈ ਵੀ ਮੈਜਿਸਟ੍ਰੇਟ ਤਾਇਨਾਤ ਨਹੀਂ ਸੀ ਅਤੇ ਨਾਂ ਹੀ ਉਸ ਸਮੇਂ ਉਥੇ ਕੋਈ ਮੈਜਿਸਟ੍ਰੇਟ ਹਾਜ਼ਰ ਹੀ ਸੀ।


ਉਨਾਂ ਨੇ ਕਪੂਰਥਲਾ ਦੇ ਸਿਵਲ ਅਫਸਰਾਂ ਨੂੰ ਚੇਤਾਵਨੀ ਦੇਂਦਿਆਂ ਕਿਹਾ ਕਿ ਉਹ ਕਿਸੇ ਵੀ ਦਬਾਅ ਹੇਠ ਪ੍ਰਸਾਸ਼ਨ ਦੇ ਪਰਦਾ ਪਾਉਣ ਦੇ ਯਤਨਾਂ ਦਾ ਹਿੱਸਾ ਨਾਂ ਬਨਣ।ਮਾਜੀਠੀਆ ਨੇ ਕਿਹਾ ਕਿ 27 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਗੁਰਪੁਰਬ ਹੈ।ਇਸ ਮੌਕੇ ਭਗਵੰਤ ਮਾਨ ਤੇ ਪੁਲਿਸ ਵੱਲੋਂ ਅਜਿਹਾ ਕਾਰਾ ਕਰਨਾ ਵੀ ਵੱਡਾ ਗੁਨਾਹ ਹੈ।


ਉਨਾਂ ਨੇ ਹੋਮ ਗਾਰਡ ਦੇ ਜਵਾਨ ਜਸਪਾਲ ਸਿੰਘ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਸਦੀ ਮੌਤ ਦਾ ਜਿੰਮੇਵਾਰ ਵੀ ਭਗਵੰਤ ਮਾਨ ਹੀ ਹੈ।ਉਨਾਂ ਨੇ ਸੰਬੰਧਿਤ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੀ ਵੀ ਮੰਗ ਕੀਤੀ।