ਨਵਾਂਸ਼ਹਿਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬੰਗਾ, ਬਲਾਚੌਰ ਅਤੇ ਆਨੰਦਪੁਰ ਸਾਹਿਬ ਹਲਕਿਆਂ ਵਿਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੁਸੀਬਤ ਵਿਚ ਫਸੇ ਲੋਕਾਂ ਦੀ ਤੁਰੰਤ ਮਦਦ ਕਰਨ ਦਾ ਸੱਦਾ ਦਿੱਤਾ ਤੇ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਖਾਣੇ, ਚਾਰੇ ਤੇ ਮੈਡੀਕਲ ਸਹਾਇਤਾ ਦੇ ਮਾਮਲੇ ਵਿਚ ਲੋਕਾਂ ਦੀ ਲੋੜ ਪੂਰੀ ਕਰਨ ਵਾਸਤੇ ਆਪਣੇ ਯਤਨ ਦੁੱਗਣੇ ਕਰ ਦੇਣ।
ਅਕਾਲੀ ਦਲ ਦੇ ਪ੍ਰਧਾਨ, ਜੋ ਟਰੈਕਟਰ ਚਲਾ ਕੇ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਪਿੰਡਾਂ ਦੇ ਨਾਲ ਨਾਲ ਹੋਰ ਹਲਕਿਆਂ ਵਿਚ ਪਹੁੰਚੇ, ਨੇ ਕਿਹਾ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ। ਉਹਨਾਂ ਕਿਹਾ ਕਿ ਹਜ਼ਾਰਾਂ ਏਕੜ ਵਿਚ ਖੜ੍ਹੀ ਝੋਨੇ ਦੀ ਫਸਲ ਤਬਾਹ ਹੋ ਗਈ ਹੈ ਤੇ ਕਿਸਾਨ ਆਪਣੇ ਧੁੰਦਲੇ ਭਵਿੱਖ ਵੱਲ ਵੇਖ ਰਹੇ ਹਨ ਕਿਉਂਕਿ ਹੁਣ ਦੁਬਾਰਾ ਝੋਨਾ ਲਾਉਣ ਵਾਸਤੇ ਸਮਾਂ ਹੀ ਨਹੀਂ ਰਿਹਾ। ਉਹਨਾਂ ਕਿਹਾ ਕਿ ਇਸੇ ਤਰੀਕੇ ਅੰਸ਼ਕ ਕਿਸਾਨ ਜੋ ਸਬਜ਼ੀਆਂ ਉਗਾਉਂਦੇ ਹਨ, ਉਹ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਕਿਉਂਕਿ ਉਹਨਾਂ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਸਰਕਾਰ ਵੱਲ ਵੇਖ ਰਹੇ ਹਨ ਕਿ ਉਹ ਅਰਥਵਿਹੂਣੇ ਬਿਆਨ ਦੇਣ ਦੀ ਥਾਂ ਤੁਰੰਤ ਰਾਹਤ ਪ੍ਰਦਾਨ ਕਰਨ ਵਾਸਤੇ ਕੰਮ ਕਰੇ। ਉਹਨਾਂ ਕਿਹਾ ਕਿ ਜਿਹਨਾਂ ਦੇ ਘਰ ਢਹਿ ਢੇਰੀ ਹੋ ਗਏ ਹਨ, ਉਹਨਾਂ ਨੂੰ 5-5 ਲੱਖ ਰੁਪਏ ਅਤੇ ਕਿਸਾਨਾਂ ਨੂੰ ਹੋਏ ਨੁਕਸਾਨ ਲਈ 25-25 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।