Jalandhar News: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਤਾਰੀਕ ਦਾ ਐਲਾਨ ਹੋ ਗਿਆ ਹੈ। ਹਲਕੇ ਵਿੱਚ 10 ਮਈ ਨੂੰ ਵੋਟਾਂ ਪੈਣਗੀਆਂ ਤੇ 13 ਮਈ ਨੂੰ ਗਿਣਤੀ ਹੋਵੇਗੀ। ਕਾਂਗਰਸ ਦੇ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ (76) ਦੀ 14 ਜਨਵਰੀ ਨੂੰ ਪੰਜਾਬ ਦੇ ਫਿਲੌਰ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਤੇ ਇਸ ਕਾਰਨ ਇਹ ਸੀਟ ਖਾਲੀ ਹੋ ਗਈ ਸੀ।
ਉਧਰ, ਚੋਣ ਲਈ ਤਾਰੀਕ ਦਾ ਐਲਾਨ ਹੁੰਦਿਆਂ ਹੀ ਚੋਣ ਮਿਸ਼ਨ ਕੋਲ ਪਹਿਲੀ ਸ਼ਿਕਾਇਤ ਪਹੁੰਚ ਗਈ ਹੈ। ਕਾਂਗਰਸ ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਚੋਣ ਕਮਿਸ਼ਨ ਨੂੰ ਪੱਤਰ ਭੇਜ ਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਭੇਜੇ ਪੱਤਰ ਵਿੱਚ ਕਰਮਜੀਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਚੋਣ ਜ਼ਾਬਤੇ ਦੀਆਂ ਤਿੰਨ ਸੰਭਾਵੀ ਉਲੰਘਣਾਵਾਂ ਵੱਲ ਧਿਆਨ ਦਿਵਾਇਆ ਹੈ।
ਇਨ੍ਹਾਂ ਵਿੱਚ ਜਲੰਧਰ ਸੰਸਦੀ ਹਲਕੇ ਵਿੱਚ ਤਾਇਨਾਤ ਕਈ ਅਧਿਕਾਰੀਆਂ ਦੇ ਤਬਾਦਲੇ, ਆਮ ਆਦਮੀ ਕਲੀਨਿਕਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਤੇ ਪ੍ਰਿੰਟ, ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ’ਚ ਸਰਕਾਰੀ ਇਸ਼ਤਿਹਾਰਾਂ ਦਾ ਪ੍ਰਕਾਸ਼ਨ ਸ਼ਾਮਲ ਹਨ। ਕਰਮਜੀਤ ਕੌਰ ਨੇ ਲਿਖਿਆ ਹੈ ਕਿ ਤਬਾਦਲੇ ਦੇ ਹੁਕਮ ਜ਼ਿਮਨੀ ਚੋਣ ਦੌਰਾਨ ਸੱਤਾਧਾਰੀ ਪਾਰਟੀ ਦਾ ਪ੍ਰਭਾਵ ਵਧਾਉਣ ਦੇ ਇਰਾਦੇ ਨਾਲ ਕੀਤੇ ਗਏ ਪ੍ਰਤੀਤ ਹੁੰਦੇ ਹਨ।
ਉਨ੍ਹਾਂ ਮੁੱਖ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਇਹ ਤਬਾਦਲੇ ਰੱਦ ਕੀਤੇ ਜਾਣ। ਬੀਬੀ ਚੌਧਰੀ ਨੇ ਆਮ ਆਦਮੀ ਕਲੀਨਿਕਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਹਟਾਉਣ ਤੇ ਕਲੀਨਿਕਾਂ ਦੇ ਨਾਵਾਂ ਤੋਂ ‘ਆਮ ਆਦਮੀ’ ਸ਼ਬਦ ਹਟਾਉਣ ਦੀ ਮੰਗ ਵੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਅਪੀਲ ਕੀਤੀ ਹੈ ਕਿ ਜ਼ਿਮਨੀ ਚੋਣ ਪੂਰੀ ਹੋਣ ਤੱਕ ਸਰਕਾਰ ਵੱਲੋਂ ਮੀਡੀਆ ਵਿੱਚ ਕਿਸੇ ਕਿਸਮ ਦਾ ਕੋਈ ਇਸ਼ਤਿਹਾਰ ਪ੍ਰਕਾਸ਼ਿਤ ਨਾ ਕੀਤਾ ਜਾਵੇ।
ਇਹ ਵੀ ਪੜ੍ਹੋ: Jalandhar News: ਸਰਕਾਰੀ ਇਮਾਰਤਾਂ ਤੋਂ 24 ਤੇ ਨਿੱਜੀ ਪ੍ਰਾਪਰਟੀਆਂ ਤੋਂ 72 ਘੰਟਿਆਂ 'ਚ ਸਿਆਸੀ ਇਸ਼ਤਿਹਾਰ ਉਤਾਰਣ ਦਾ ਹੁਕਮ
ਇਸ ਪੱਤਰ ਬਾਰੇ ਕਰਮਜੀਤ ਚੌਧਰੀ ਨੇ ਕਿਹਾ ਕਿ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਆਦਰਸ਼ ਚੋਣ ਜ਼ਾਬਤਾ ਪੂਰੀ ਤਰ੍ਹਾਂ ਲਾਗੂ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਉਲੰਘਣਾ ਲੋਕਤੰਤਰੀ ਢਾਂਚੇ ਨੂੰ ਕਮਜ਼ੋਰ ਕਰਦੀ ਹੈ ਤੇ ਇਸ ਨਾਲ ਚੋਣ ਪ੍ਰਣਾਲੀ ਦੀ ਨਿਰਪੱਖਤਾ ਵਿੱਚ ਲੋਕਾਂ ਦਾ ਭਰੋਸਾ ਘਟਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਉਲੰਘਣਾਵਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: Ludhiana News: ਥਾਣੇਦਾਰ ਦਾ ਕਾਰਮਾਨਾ! 70 ਹਜ਼ਾਰ ਰਿਸ਼ਵਤ ਲੈ ਕੇ ਛੱਡ ਦਿੱਤਾ ਨਸ਼ਾ ਤਸਕਰ