Punjab News: ਜਲੰਧਰ ਪੁਲਿਸ ਨੇ ਦੋ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਸਵਿਫਟ ਕਾਰ, ਦੋ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਮੁਲਜ਼ਮ ਨੂੰ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦਾ ਰਿਮਾਂਡ ਲਿਆ ਗਿਆ ਹੈ। 


ਟੂਰਨਾਮੈਂਟ ਵਿੱਚ ਕੀਤਾ ਗਿਆ ਸੀ ਕਤਲ


ਇਸ ਬਾਬਤ ਐੱਸ.ਐੱਸ.ਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ 14 ਮਾਰਚ 2022 ਨੂੰ ਪਿੰਡ ਮੱਲੀਆਂ ਖੁਰਦ ਵਿੱਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਇਸ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ ਸਵਿਫਟ ਕਾਰ 'ਚ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗਰਾਊਂਡ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਗੋਲ਼ੀਆਂ ਮਾਰਨ ਵਾਲੇ ਰਵਿੰਦਰ ਸਿੰਘ ਉਰਫ ਹੈਰੀ ਰਾਜਪੁਰਾ ਤੇ ਹਰਜੀਤ ਸਿੰਘ ਉਰਫ ਹੈਰੀ ਮੋਡ ਵਾਸੀ ਪਿੰਡ ਮੋੜ ਕਲਾਂ ਜ਼ਿਲਾ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


ਕਿਸ ਨੇ ਰਚੀ ਸੀ ਪੂਰੀ ਸਾਜ਼ਿਸ਼ ?


ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ  ਗੈਂਗਸਟਰ ਲੱਕੀ ਪਟਿਆਲ ਅਤੇ ਗੈਂਗਸਟਰ ਸੁੱਖਾ ਦੁਨਾਕੇ ਨੇ ਮਿਲ ਕੇ ਸਾਜ਼ਿਸ਼ ਰਚੀ ਸੀ। ਸੁੱਖਾ ਦੁੱਨੇਕੇ ਦੇ ਕਹਿਣ 'ਤੇ ਹਰਜੀਤ ਸਿੰਘ ਉਰਫ ਹੈਰੀ ਮੋੜ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਤਿਹ ਨਗਰੀ (ਜੋ ਸੰਗਰੂਰ ਜੇਲ 'ਚ ਬੰਦ ਸੀ) ਦੇ ਕਹਿਣ 'ਤੇ ਰਵਿੰਦਰ ਸਿੰਘ ਉਰਫ ਹੈਰੀ ਰਾਜਪੁਰਾ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।


ਅਮਿਤ ਡਾਗਰ, ਕੌਸ਼ਲ ਚੌਧਰੀ ਅਤੇ ਸੁੱਖਾ ਦੁਨਾਕੇ ਨੇ ਸ਼ੂਟਰਾਂ ਪੁਨੀਤ ਸ਼ਰਮਾ, ਨਰਿੰਦਰ ਲਾਲੀ, ਵਿਕਾਸ ਮਾਹਲੇ ਅਤੇ ਹਰਿੰਦਰ ਫੌਜੀ ਨੂੰ ਭੇਜਿਆ ਸੀ ਅਤੇ ਵਾਰਦਾਤ ਵਿੱਚ ਵਰਤੀ ਗਈ ਸਵਿਫਟ ਕਾਰ ਅਤੇ ਹਥਿਆਰ ਵੀ ਮੁਹੱਈਆ ਕਰਵਾਏ ਸਨ। ਵਾਰਦਾਤ ਨੂੰ ਅੰਜਾਮ ਦੇਣ ਲਈ ਸਾਰੇ ਸ਼ੂਟਰ ਇੱਕ ਦਿਨ ਪਹਿਲਾਂ ਹੀ ਅੰਮ੍ਰਿਤਸਰ ਵਿੱਚ ਇਕੱਠੇ ਹੋਏ ਸਨ, ਜਿਸ ਵਿੱਚ ਖਾਣ-ਪੀਣ ਦਾ ਸਾਰਾ ਪ੍ਰਬੰਧ ਜੁਝਾਰ ਸਿੰਘ ਉਰਫ਼ ਸਿਮਰਨਜੀਤ ਸਿੰਘ ਰਾਹੀਂ ਕੀਤਾ ਗਿਆ ਸੀ। ਐਸਐਸਪੀ ਨੇ ਦੱਸਿਆ ਕਿ ਦੋਵਾਂ ਸ਼ਾਰਪ ਸ਼ੂਟਰਾਂ ਵੱਲੋਂ ਵਾਰਦਾਤ ਵਿੱਚ ਵਰਤੀ ਗਈ ਸਵਿਫਟ ਗੱਡੀ, ਇੱਕ .30 ਬੋਰ ਦਾ ਪਿਸਤੌਲ ਇੱਕ ਵੱਡੀ ਮੈਗਜ਼ੀਨ ਸਮੇਤ, ਪੰਜ ਜਿੰਦਾ ਕਾਰਤੂਸ ਅਤੇ ਇੱਕ .32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ।