Jalandhar News: ਜਲੰਧਰ ਦੇ ਕਸਬਾ ਕਰਤਾਰਪੁਰ ਵਿੱਚ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਸਬੰਧੀ ਜਲੰਧਰ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਕਾਰਵਾਈ ਨੂੰ ਚੋਣ ਕਮਿਸ਼ਨ ਨੇ ਝਟਕਾ ਦਿੱਤਾ ਹੈ। ਚੋਣ ਕਮਿਸ਼ਨ ਨੇ ਸਮੁੱਚੇ ਮਾਮਲੇ ਦੀ ਰਿਪੋਰਟ ਤਲਬ ਕਰ ਲਈ ਹੈ। ਇਹ ਰਿਪੋਰਟ ਚੋਣ ਕਮਿਸ਼ਨ ਦੇ ਵਿਸ਼ੇਸ਼ ਆਬਜ਼ਰਵਰ ਨੇ ਪੰਜਾਬ ਦੇ ਮੁੱਖ ਸਕੱਤਰ ਤੋਂ ਤਲਬ ਕੀਤੀ ਹੈ। ਇਹ ਰਿਪੋਰਟ ਅੱਜ ਸ਼ਾਮ ਤੱਕ ਭਾਰਤੀ ਚੋਣ ਕਮਿਸ਼ਨ ਨੂੰ ਭੇਜਣੀ ਹੋਵੇਗੀ।
ਦੱਸ ਦਈਏ ਕਿ ਇਸ ਮਾਮਲੇ ਵਿੱਚ ਅਜੀਤ ਅਖ਼ਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ, ਆਈਏਐਸ ਅਧਿਕਾਰੀ ਵਿਜੇ ਬੁਬਲਾਨੀ ਸਮੇਤ ਕਰੀਬ 26 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ 15 ਦੇ ਕਰੀਬ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਚੋਣ ਕਮਿਸ਼ਨ ਨੇ ਪੂਰੇ ਮਾਮਲੇ ਦੀ ਵਿਸਤ੍ਰਿਤ ਰਿਪੋਰਟ ਮੰਗੀ ਹੈ। ਇਸ ਮਾਮਲੇ ਵਿੱਚ ਜਲੰਧਰ ਵਿਜੀਲੈਂਸ ਬਿਊਰੋ ਨੇ ਆਈਪੀਸੀ ਦੀ ਧਾਰਾ 420, 406, 409, 465, 467, 468, 471, 120-ਬੀ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13 (1) ਏ ਦੇ ਨਾਲ 13 (2) ਵੀ ਸ਼ਾਮਲ ਕੀਤੀ ਹੈ।
ਫੜੇ ਗਏ ਮੁਲਜ਼ਮਾਂ ਵਿੱਚ ਦੀਪਕ ਬਿਲਡਰਜ਼ ਦੇ ਮਾਲਕ ਦੀਪਕ ਕੁਮਾਰ ਸਿੰਘਲ ਵਾਸੀ ਰਾਜ ਗੁਰੂ ਨਗਰ ਲੁਧਿਆਣਾ, ਚੰਡੀਗੜ੍ਹ ਦੇ ਰਹਿਣ ਵਾਲੇ ਅਰਵਿੰਦਰ ਸਿੰਘ ਸੇਵਾਮੁਕਤ ਚੀਫ਼ ਇੰਜਨੀਅਰ, ਤੇਜ ਰਾਮ ਸੇਵਾਮੁਕਤ ਐਕਸੀਅਨ ਵਾਸੀ ਜਲੰਧਰ, ਰਾਜੀਵ ਕੁਮਾਰ ਅਰੋੜਾ ਸੇਵਾਮੁਕਤ ਐਸਡੀਓ ਵਾਸੀ ਪੰਚਕੂਲਾ, ਰੋਹਿਤ ਕੁਮਾਰ ਬੀਡਬਲਿਊਡੀ ਜੇਈ, ਰਘਵਿੰਦਰ ਸਿੰਘ ਐਕਸੀਅਨ ਵਾਸੀ ਜਲੰਧਰ, ਸੰਤੋਸ਼ ਰਾਜ ਐਕਸੀਅਨ ਵਾਸੀ ਅੰਮ੍ਰਿਤਸਰ, ਹਰਪਾਲ ਸਿੰਘ ਐਸਡੀਓ ਵਾਸੀ ਪ੍ਰੀਤ ਨਗਰ, ਐਸਡੀਓ ਜਤਿੰਦਰ ਅਰਜੁਨ ਵਾਸੀ ਜਲੰਧਰ ਛਾਉਣੀ, ਜੇਈ ਹਰਪ੍ਰੀਤ ਸਿੰਘ ਵਾਸੀ ਕਪੂਰਥਲਾ, ਮਨਦੀਪ ਸਿੰਘ ਵਾਸੀ ਕਅਰਬਨ ਅਸਟੇਟ ਫੇਜ਼-2, ਐਨਪੀ ਸਿੰਘ ਐਕਸੀਅਨ ਵਾਸੀ ਕਪੂਰਥਲਾ, ਜੇਈ ਗੌਰਵਦੀਪ ਵਾਸੀ ਮਾਸਟਰ ਤਾਰਾ ਸਿੰਘ ਨਗਰ, ਜੇਈ ਰੋਹਿਤ ਕੰਦੋਲਾ ਵਾਸੀ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਆਈਏਐਸ ਅਧਿਕਾਰੀ ਤੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਵਿਨੈ ਬੁਬਲਾਨੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।