Ludhiana News: ਕਰਜ਼ ਪੰਜਾਬ ਦੀ ਕਿਸਾਨੀ ਨੂੰ ਲਗਾਤਾਰ ਨਿਗਲਦਾ ਜਾ ਰਿਹਾ ਹੈ। ਕਰਜ਼ਾ ਦੇ ਬੋਝ ਹੇਠ ਦੱਬੇ ਕਿਸਾਨ ਆਏ ਦਿਨ ਮੌਤ ਨੂੰ ਗਲੇ ਲਾ ਰਹੇ ਹਨ। ਫਸਲਾਂ ਦੇ ਸਹੀ ਭਾਅ ਨਾ ਮਿਲਣ ਤੇ ਮਹਿੰਗਾਈ ਕਾਰਨ ਖਰਚੇ ਵਧਣ ਦੇ ਚੱਲ਼ਦਿਆਂ ਛੋਟੀ ਖੇਤੀ ਘਾਟੇ ਦਾ ਸੌਦਾ ਬਣ ਗਿਆ ਹੈ। ਇਸ ਲਈ ਹੀ ਕਿਸਾਨਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ।
ਤਾਜ਼ਾ ਮਾਮਲਾ ਜਗਰਾਓਂ ਤੋਂ ਆਇਆ ਹੈ। ਇੱਥੋਂ ਕੁਝ ਦੂਰੀ ’ਤੇ ਸਥਿਤ ਪਿੰਡ ਬਾਸੂਵਾਲ ਦੇ ਰਹਿਣ ਵਾਲੇ ਇੱਕ ਕਿਸਾਨ ਨੇ ਕਰਜ਼ੇ ਦੇ ਬੋਝ ਕਾਰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ 50 ਸਾਲਾ ਗੁਰਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਜਾਂਚ ਅਧਿਕਾਰੀ ਥਾਣਾ ਹਠੂਰ ਦੇ ਏਐਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਖੇਤ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ ਉਸ ਕੋਲ ਸਿਰਫ਼ 2.5 ਏਕੜ ਜ਼ਮੀਨ ਸੀ, ਜਿਸ ਵਿੱਚੋਂ 1 ਏਕੜ ਜ਼ਮੀਨ ਪਹਿਲਾਂ ਹੀ ਵਿਕ ਚੁੱਕੀ ਸੀ, ਜਦੋਂਕਿ ਡੇਢ ਏਕੜ ਜ਼ਮੀਨ ਗਿਰਵੀ ਹੈ।
ਇੰਨਾ ਹੀ ਨਹੀਂ ਉਸ 'ਤੇ 10 ਲੱਖ ਰੁਪਏ ਦੇ ਕਰਜ਼ੇ ਦਾ ਬੋਝ ਸੀ। ਇਸ ਕਾਰਨ ਮ੍ਰਿਤਕ ਗੁਰਦੀਪ ਸਿੰਘ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਮ੍ਰਿਤਕ ਕਿਸਾਨ ਨੇ ਆਪਣੇ ਘਰ ਵਿੱਚ ਰੱਖੀ ਕੀਟਨਾਸ਼ਕ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਬਾਰੇ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਉਸ ਨੂੰ ਪਿੰਡ ਰੂਮੀ ਦੇ ਨਿੱਜੀ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧੀ ਸੂਚਨਾ ਮਿਲਣ 'ਤੇ ਥਾਣਾ ਹਠੂਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਛੋਟੇ ਬੱਚੇ ਛੱਡ ਗਿਆ ਹੈ।