Ludhiana News: ਖੰਨਾ 'ਚ 12 ਸਾਲਾ ਬੱਚੇ ਨੇ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਬੱਚਾ ਘਰ ਵਿਚ ਇਕੱਲਾ ਸੀ। ਉਸਨੇ ਦੁਪੱਟੇ ਅਤੇ ਸ਼ਾਲ ਨਾਲ ਫਾਹਾ ਬਣਾਇਆ ਅਤੇ ਪੱਖੇ ਨਾਲ ਫਾਹਾ ਲੈ ਲਿਆ। ਜਦੋਂ ਤੱਕ ਬੱਚੇ ਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਟੀਵੀ 'ਤੇ ਅਜਿਹਾ ਦ੍ਰਿਸ਼ ਦੇਖ ਕੇ ਬੱਚੇ ਨੇ ਇਹ ਖ਼ੌਫਨਾਕ ਕਦਮ ਚੁੱਕਿਆ।


ਜ਼ਿਕਰ ਕਰ ਦਈਏ ਕਿ ਪਿੰਡ ਇਕੋਲਾਹਾ ਵਿੱਚ ਗੱਦੇ ਦੀ ਫੈਕਟਰੀ ਵਿੱਚ ਕੰਮ ਕਰਦੇ ਇੱਕ ਪਰਿਵਾਰ ਦੇ ਬੱਚੇ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਉਮਰ ਮਹਿਜ਼ 12 ਸਾਲ ਸੀ। ਰੰਗੋਈ ਨਾਂ ਦਾ ਇਹ ਬੱਚਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਆਪਣੀ ਭੈਣ ਅਤੇ ਜੀਜਾ ਨਾਲ ਰਹਿੰਦਾ ਸੀ। 


ਮ੍ਰਿਤਕ ਦੇ ਜੀਜਾ ਰੱਜੂ ਨੇ ਦੱਸਿਆ ਕਿ ਉਸਦੇ ਸਹੁਰੇ ਅਤੇ ਸੱਸ ਦੀ ਮੌਤ ਹੋ ਚੁੱਕੀ ਹੈ। ਉਸਦਾ ਸਾਲਾ ਰੰਗੋਈ ਸੁਲਤਾਨਪੁਰ, ਉੱਤਰ ਪ੍ਰਦੇਸ਼ ਵਿੱਚ ਇਕੱਲਾ ਰਹਿੰਦਾ ਸੀ। ਇਸ ਲਈ ਰੱਖੜੀ 'ਤੇ ਉਸਦੀ ਪਤਨੀ ਆਪਣੇ ਭਰਾ ਨੂੰ ਪਿੰਡ ਤੋਂ ਇੱਥੇ ਲੈ ਕੇ ਆਈ ਸੀ। ਬੱਚਾ ਘਰ ਵਿੱਚ ਖੁਸ਼ ਰਹਿੰਦਾ ਸੀ। ਬੀਤੀ ਰਾਤ ਜਦੋਂ ਰੱਜੂ ਕੰਮ ਤੋਂ ਵਾਪਿਸ ਪਰਤਿਆ ਤਾਂ ਘਰ ਵਿੱਚ ਬੱਚੇ ਨੂੰ ਪੱਖੇ ਨਾਲ ਲਟਕਦਾ ਦੇਖਿਆ। 


ਜ਼ਿਕਰ ਕਰ ਦਈਏ ਕਿ ਜਦੋਂ ਬੱਚੇ ਨੇ ਖ਼ੁਦਕੁਸ਼ੀ ਕੀਤੀ ਤਾਂ ਰੱਜੂ ਦਾ 5 ਸਾਲਾ ਬੇਟਾ ਵੀ ਘਰ 'ਚ ਸੀ। ਰੱਜੂ ਨੇ ਕਿਹਾ ਕਿ ਹੋ ਸਕਦਾ ਹੈ ਕਿ ਬੱਚੇ ਨੇ ਟੀਵੀ 'ਤੇ ਕੋਈ ਸੀਨ ਦੇਖ ਕੇ ਇਹ ਕਦਮ ਚੁੱਕਿਆ ਹੋਵੇ। ਹੁਣ ਸਿਰਫ਼ ਉਹੀ ਜਾਣਦਾ ਸੀ। ਰੰਗੋਈ ਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਹ ਇਕੱਲਾ ਰਹਿੰਦਾ ਸੀ। ਭੈਣ ਨੂੰ ਡਰ ਸੀ ਕਿ ਕਿਤੇ ਭਰਾ ਯੂਪੀ ਵਿੱਚ ਗਲਤ ਕੰਮ ਨਾ ਕਰਨ ਲੱਗ ਜਾਵੇ। ਇਸੇ ਲਈ ਭੈਣ ਆਪਣੇ ਭਰਾ ਨੂੰ ਪਾਲਣ ਲਈ ਆਪਣੇ ਨਾਲ ਇੱਥੇ ਲੈ ਆਈ ਸੀ।


ਉਧਰ ਸਿਵਲ ਹਸਪਤਾਲ ਵਿਖੇ ਫੋਰੈਂਸਿਕ ਮਾਹਿਰ ਡਾਕਟਰ ਗੁਰਵਿੰਦਰ ਸਿੰਘ ਕੱਕੜ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਬੱਚੇ ਦੀ ਲਾਸ਼ ਉਨ੍ਹਾਂ ਕੋਲ ਲੈ ਕੇ ਆਈ ਸੀ। ਇਹ ਮਾਮਲਾ ਫਾਹਾ ਲਗਾਉਣ ਦਾ ਹੈ। ਫਾਹੇ ਨਾਲ ਗਲਾ ਘੁੱਟਣ ਕਾਰਨ ਬੱਚੇ ਦੀ ਮੌਤ ਹੋ ਗਈ। ਕਾਨੂੰਨ ਮੁਤਾਬਕ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।