Punjab News: ਆਮ ਆਦਮੀ ਪਾਰਟੀ (AAP) ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਹੋਈ ਉਪ ਚੋਣ ਜਿੱਤ ਲਈ ਹੈ। 'ਆਪ' ਉਮੀਦਵਾਰ ਸੰਜੀਵ ਅਰੋੜਾ ਨੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 10637 ਵੋਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਭਾਜਪਾ ਦੇ ਜੀਵਨ ਗੁਪਤਾ ਤੀਜੇ ਸਥਾਨ 'ਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਚੌਥੇ ਸਥਾਨ 'ਤੇ ਰਹੇ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਬਹੁਤ ਵਧੀਆ ਕਰ ਸਕਦੇ ਸੀ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀ ਕਿਹਾ ?

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੈਂ ਲੁਧਿਆਣਾ ਪੱਛਮੀ ਵਿੱਚ ਕਾਂਗਰਸੀ ਵਰਕਰਾਂ ਦੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਸਾਰੀਆਂ ਮੁਸ਼ਕਲਾਂ ਦੇ ਵਿਰੁੱਧ ਸਭ ਤੋਂ ਵਧੀਆ ਲੜਾਈ ਲੜੀ ਜਦੋਂ ਕਿ ਇਹ ਪੂਰੀ ਸਰਕਾਰੀ ਮਸ਼ੀਨਰੀ ਦੇ ਵਿਰੁੱਧ ਸੀ।

ਆਖਰਕਾਰ, ਇਹ ਸਿਰਫ਼ ਇੱਕ ਉਪ-ਚੋਣ ਸੀ। ਸਾਡੀ ਲੜਾਈ ਜਾਰੀ ਰਹੇਗੀ ਅਤੇ ਅਸੀਂ ਇਸਨੂੰ 2027 ਵਿੱਚ ਤਰਕਪੂਰਨ ਸਿੱਟੇ ‘ਤੇ ਲੈ ਜਾਵਾਂਗੇ। ਅਸੀਂ ਇੱਕ ਗੰਭੀਰ ਅੰਦਰੂਨੀ ਆਤਮ-ਨਿਰੀਖਣ ਵੀ ਕਰਾਂਗੇ ਕਿਉਂਕਿ ਸਾਡਾ ਮੰਨਣਾ ਹੈ ਕਿ ਅਸੀਂ ਬਹੁਤ ਵਧੀਆ ਕਰ ਸਕਦੇ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ ?

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ। ਵੱਡੀ ਲੀਡ ਨਾਲ ਮਿਲੀ ਜਿੱਤ ਦਰਸਾਉਂਦੀ ਹੈ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ ਹਨ। ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਬਿਨਾਂ ਭੇਦਭਾਵ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ।

ਜ਼ਿਮਨੀ ਚੋਣ ਦੌਰਾਨ ਪੰਜਾਬੀਆਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਪੂਰਾ ਕਰਾਂਗੇ। ਸੰਜੀਵ ਅਰੋੜਾ ਜੀ ਨੂੰ ਬਹੁਤ-ਬਹੁਤ ਮੁਬਾਰਕਾਂ। ਨਾਲ ਹੀ ਇਸ ਜਿੱਤ ਲਈ ਦਿਨ ਰਾਤ ਮਿਹਨਤ ਕਰਨ ਵਾਲੀ ਸਮੁੱਚੀ ਲੀਡਰਸ਼ਿਪ ਤੇ ਵਲੰਟੀਅਰਾਂ ਨੂੰ ਵੀ ਬਹੁਤ-ਬਹੁਤ ਵਧਾਈਆਂ।