Ludhiana News: ਬੇਮੌਸਮੇ ਮੀਂਹ ਤੇ ਗੜੇਮਾਰੀ ਕਾਰਨ ਨੁਕਸਾਨੀਆਂ ਫ਼ਸਲਾਂ ਲਈ ਸਰਕਾਰ ਵੱਲੋਂ ਐਲਾਨਿਆ ਮੁਆਵਜ਼ਾ ਕਿਸਾਨਾਂ ਨੇ ਰੱਦ ਕਰ ਦਿੱਤਾ ਹੈ। ਕਿਸਾਨ ਯੂਨੀਅਨ ਨੇ ਮੰਗ ਕੀਤਾ ਹੈ ਕਿ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਯਾਦ ਰਹੇ ਪੰਜਾਬ ਸਰਕਾਰ ਨੇ 75 ਤੋਂ 100 ਫੀਸਦੀ ਫਸਲ ਬਰਬਾਦ ਹੋਣ 'ਤੇ 15 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।


ਕਿਸਾਨਾਂ ਦਾ ਕਹਿਣਾ ਹੈ ਕਿ ਨਿਗੂਣਾ ਮੁਆਵਜ਼ਾ ਕਿਸਾਨਾਂ ਨੂੰ ਕੋਈ ਰਾਹਤ ਦੇਣ ਵਾਲਾ ਨਹੀਂ ਕਿਉਂਕਿ ਇਸ ਤੋਂ ਵੱਧ ਤਾਂ ਕਿਸਾਨ ਫ਼ਸਲਾਂ ‘ਤੇ ਖਰਚ ਕਰੀ ਬੈਠੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਈ ਜ਼ਿਲ੍ਹਿਆਂ ‘ਚ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਕੀਤੇ ਦੌਰੇ ਨੂੰ ਵੀ ‘ਦਿਖਾਵਾ ਮਾਤਰ’ ਦੱਸਿਆ।


ਬੀਕੇਯੂ ਏਕਤਾ (ਡਕੌਂਦਾ) ਨਾਲ ਸਬੰਧਤ ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਦੌਰੇ ਸਮੇਂ ਕੋਈ ਵੱਡੀ ਰਾਹਤ ਦਾ ਐਲਾਨ ਕਰਨ ‘ਚ ਨਾਕਾਮ ਸਾਬਤ ਹੋਏ ਹਨ। ਮੁੱਖ ਮੰਤਰੀ ਨੂੰ ਭੇਜੇ ਗਏ ਲਿਖਤੀ ਮੰਗ-ਪੱਤਰ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਭਰ ‘ਚ ਭਾਰੀ ਮੀਂਹ ਤੇ ਗੜੇਮਾਰੀ ਕਾਰਨ ਬਰਬਾਦ ਹੋਈਆਂ ਸਾਰੀਆਂ ਫ਼ਸਲਾਂ ਦਾ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਫੌਰੀ ਦਿੱਤਾ ਜਾਵੇ।


ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਇੰਦਰਜੀਤ ਧਾਲੀਵਾਲ, ਗੁਰਮੇਲ ਸਿੰਘ ਭਰੋਵਾਲ ਤੇ ਹੋਰਨਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਐਲਾਨੀ 15 ਹਜ਼ਾਰ ਰੁਪਏ ਦੀ ਰਾਸ਼ੀ ਨਾਕਾਫੀ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਫ਼ਸਲਾਂ ਦੇ 50 ਪ੍ਰਤੀਸ਼ਤ ਨੁਕਸਾਨ ਲਈ ਪ੍ਰਤੀ ਏਕੜ 32 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਜਦਕਿ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ‘ਆਪ’ ਪਾਰਟੀ ਦੀ ਸਰਕਾਰ ਨੇ ਨਿਗੂਣਾ ਮੁਆਵਜ਼ਾ ਐਲਾਨਿਆ ਹੈ।


ਇਹ ਵੀ ਪੜ੍ਹੋ: Amritsar News: ਪੰਜਾਬੀਆਂ ਲਈ ਖੁਸ਼ਖਬਰੀ! ਅੰਮ੍ਰਿਤਸਰ ਤੋਂ ਸਿੱਧੀ ਲੰਡਨ ਦੀ ਉਡਾਣ, ਕੈਨੇਡਾ ਲਈ ਸਿੱਧੀ ਫਲਾਈਟ ਵੀ ਜਲਦ


ਉਨ੍ਹਾਂ ਮੁਆਵਜ਼ਾ ਬਿਨਾਂ ਦੇਰੀ ਕਿਸਾਨਾਂ ਦੇ ਖਾਤਿਆਂ ‘ਚ ਦੀ ਜ਼ੋਰਦਾਰ ’ਚ ਪਾਉਣ ਦੀ ਮੰਗ ਕਰਦਿਆਂ ਕਿਹਾ ਕਿ ਪਿਛਲੇ ਸਾਲ ਝੋਨੇ ਤੇ ਆਲੂਆਂ ਦੇ ਨੁਕਸਾਨ ਦਾ ਮੁਆਵਜ਼ਾ ਸਰਕਾਰ ਵੱਲੋਂ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ। ਪਿਛਲੇ ਬਕਾਏ ਵੀ ਜਲਦੀ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਦੇਰੀ ਦੀ ਸੂਰਤ ‘ਚ ਕੋਈ ਨਾ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਹੈ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।


ਇਹ ਵੀ ਪੜ੍ਹੋ: Ludhiana News: ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਨੂੰ ਰਿਹਾਅ ਕਰਨ ਲੱਗੀ ਪੁਲਿਸ, 19 ਵਿਅਕਤੀਆਂ ਨੂੰ ਛੱਡਿਆ