Ludhiana News : ਪਿਛਲੇ ਕਈ ਦਿਨਾਂ ਤੋਂ ਨਾਮੁਰਾਦ ਡੇਂਗੂ ਬੁਖ਼ਾਰ ਦਾ ਪ੍ਰਕੋਪ ਜਿਉਂ ਦਾ ਤਿਉਂ ਹੈ, ਜਿਸ ਕਰਕੇ ਇਸ ਬੁਖ਼ਾਰ ਨੂੰ ਲੈ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਚੁੱਕਿਆ ਹੈ, ਜਦ ਕਿ ਬੁੱਧਵਾਰ ਤਾਂ ਲੁਧਿਆਣਾ ਵਿੱਚ ਡੇਂਗੂ ਦਾ ਉਸ ਵੇਲੇ ਕਹਿਰ ਟੁੱਟ ਗਿਆ ਜਦੋਂ ਇੱਕੋ ਵੇਲੇ 5 ਦਰਜਨ ਤੋਂ ਵੱਧ ਮਰੀਜ਼ ਸਾਹਮਣੇ ਆਏ।


ਸਿਹਤ ਵਿਭਾਗ ਵਲੋਂ ਡੇਂਗੂ ਨੂੰ ਠੱਲ੍ਹ ਪਾਉਣ ਲਈ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਅਸਫਲ ਹੋ ਰਹੀਆਂ ਹਨ, ਜੋ ਚਿੰਤਾ ਦਾ ਇਕ ਵੱਡਾ ਵਿਸ਼ਾ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਬੁੱਧਵਾਰ ਡੇਂਗੂ ਬੁਖ਼ਾਰ ਤੋਂ ਪ੍ਰਭਾਵਿਤ 63 ਨਵੇਂ ਮਾਮਲੇ ਸਾਹਮਣੇ ਆਉਣ ਪਿੱਛੋਂ ਮਰੀਜ਼ਾਂ ਦੀ ਗਿਣਤੀ ਦੇ ਅੰਕੜੇ ਵਿੱਚ ਵੱਡਾ ਵਾਧਾ ਹੋਇਆ ਹੈ।


ਡੇਂਗੂ ਬੁਖ਼ਾਰ ਤੋਂ ਪ੍ਰਭਾਵਿਤ ਨਵੇਂ ਆਏ ਮਾਮਲਿਆਂ ਵਿੱਚ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 31 ਮਰੀਜ਼ ਸ਼ਾਮਿਲ ਹਨ ਜਦਕਿ ਬਾਕੀ ਦੇ 32 ਮਰੀਜ਼ ਬਾਹਰਲੇ ਜ਼ਿਲ੍ਹਿਆਂ ਤੇ ਸੂਬਿਆਂ ਨਾਲ ਸੰਬੰਧਿਤ ਹਨ। ਜ਼ਿਲ੍ਹੇ ਵਿੱਚ ਡੇਂਗੂ ਬੁਖ਼ਾਰ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਵੱਧ ਕੇ 739 ਹੋ ਗਿਆ ਹੈ, ਜਦਕਿ ਬਾਹਰਲੇ ਜ਼ਿਲ੍ਹਿਆਂ ਤੇ ਸੂਬਿਆਂ ਨਾਲ ਸਬੰਧਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 593 ਹੋ ਗਿਆ ਹੈ।



ਦੱਸ ਦਈਏ ਕਿ ਪਿਛਲੇ ਕੁਝ ਸਮੇਂ ਵਿੱਚ ਡੇਂਗੂ ਬੁਖਾਰ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧੇ ਹਨ। ਡੇਂਗੂ ਦੀ ਬਿਮਾਰੀ ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ। ਆਮ ਤੌਰ 'ਤੇ ਡੇਂਗੂ ਦਾ ਲਾਰਵਾ ਅਜਿਹੀਆਂ ਥਾਵਾਂ 'ਤੇ ਫੈਲਦਾ ਹੈ, ਜਿਸ ਵਿਚ ਬਰਸਾਤ ਤੋਂ ਬਾਅਦ ਜਮ੍ਹਾਂ ਹੋਏ ਸਾਫ਼ ਪਾਣੀ, ਘਰਾਂ ਦੇ ਕੂਲਰਾਂ ਅਤੇ ਹੋਰ ਅਜਿਹੀਆਂ ਥਾਵਾਂ ਸ਼ਾਮਲ ਹਨ।


ਡੇਂਗੂ ਦਾ ਵਾਇਰਸ ਸਾਡੇ ਖੂਨ ਵਿੱਚ ਘੁੰਮਦਾ ਹੈ ਜਦੋਂ ਮਾਦਾ ਏਡੀਜ਼ ਮੱਛਰ ਕੱਟਦਾ ਹੈ ਤੇ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ। ਡੇਂਗੂ ਬੁਖਾਰ ਦੇ ਲੱਛਣ ਮਾਦਾ ਏਡੀਜ਼ ਮੱਛਰ ਦੇ ਕੱਟਣ ਤੋਂ ਬਾਅਦ ਲਗਭਗ 5 ਦਿਨਾਂ ਦੇ ਅੰਦਰ ਦਿਖਾਈ ਦਿੰਦੇ ਹਨ। ਇਸ ਦੇ ਨਾਲ ਹੀ, ਸਰੀਰ ਵਿੱਚ ਇਸ ਬਿਮਾਰੀ ਦੇ ਪੈਦਾ ਹੋਣ ਦਾ ਸਮਾਂ 3 ਦਿਨਾਂ ਤੋਂ 10 ਦਿਨਾਂ ਤੱਕ ਹੋ ਸਕਦਾ ਹੈ। ਇਹ ਗੱਲ ਦਾ ਧਿਆਨ ਰੱਖੋ ਕਿ ਡੇਂਗੂ ਦਾ ਮੱਛਰ ਦਿਨ ਵੇਲੇ ਹੀ ਕੱਟਦਾ ਹੈ।