Punjab News: ਸਮਰਾਲਾ 'ਚ ਵਿਆਹ ਸਮਾਗਮ ਦੌਰਾਨ ਮੈਰਿਜ ਪੈਲੇਸ ਦੀ ਸਟੇਜ 'ਤੇ ਡਾਂਸਰ ਸਿਮਰ ਸੰਧੂ ਨਾਲ ਹੋਏ ਝਗੜੇ 'ਚ ਮੁੱਖ ਦੋਸ਼ੀ ਜਗਰੂਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਗਰੂਪ ਨੂੰ ਬੀਤੀ ਰਾਤ ਸਮਰਾਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਉੱਤੇ ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਉਸ ਦੀ ਗ੍ਰਿਫਤਾਰੀ ਦੇ ਕਰੀਬ 16 ਘੰਟੇ ਬੀਤ ਜਾਣ ਤੋਂ ਬਾਅਦ ਵੀ ਕੋਈ ਵੀ ਦੋਸ਼ੀ ਨੂੰ ਜ਼ਮਾਨਤ ਦੇਣ ਲਈ ਨਹੀਂ ਆਇਆ। ਜਿਸ ਕਾਰਨ ਜਗਰੂਪ ਸਿੰਘ ਪੁਲੀਸ ਹਿਰਾਸਤ ਵਿੱਚ ਸੀ।


ਮਹਿਲਾ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਦਿਖਾਈ ਦੇ ਰਿਹਾ ਅਸਰ


ਇਸ ਮਾਮਲੇ ਵਿੱਚ ਪਹਿਲਾਂ ਵੀ ਪੁਲਿਸ ਨੇ ਜਗਰੂਪ ਸਿੰਘ ਅਤੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਪਰ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਬੁੱਧਵਾਰ ਸਵੇਰੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸੂਓ ਮੋਟੋ ਲੈਂਦਿਆਂ ਐੱਸਐੱਸਪੀ ਖੰਨਾ ਨੂੰ ਇੱਕ ਹਫ਼ਤੇ ਵਿੱਚ ਮਾਮਲੇ ਦੀ ਜਾਂਚ ਮੁਕੰਮਲ ਕਰਕੇ ਰਿਪੋਰਟ ਮੰਗਣ ਲਈ ਕਿਹਾ ਹੈ।


ਇਸ ਦੀ ਜਾਂਚ ਡੀ.ਐਸ.ਪੀ ਪੱਧਰ ਤੋਂ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ। ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਹੋਰ ਹਰਕਤ ਵਿੱਚ ਨਜ਼ਰ ਆ ਰਹੀ ਹੈ। ਜਗਰੂਪ ਸਿੰਘ ਨੂੰ ਬੁੱਧਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ।


ਜਗਰੂਪ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਮੁਲਜ਼ਮਾਂ ਦੀ ਪਛਾਣ ਕੀਤੀ ਜਾਵੇਗੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵਾਇਰਲ ਵੀਡੀਓ ਦਿਖਾਈ। ਵੀਡੀਓ 'ਚ ਨਜ਼ਰ ਆਏ ਵਿਆਹ ਦੇ ਦੂਜੇ ਮਹਿਮਾਨਾਂ ਦੀ ਪਛਾਣ ਕਰਨ ਲਈ ਜਗਰੂਪ ਤੋਂ ਪੁੱਛਗਿੱਛ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਗਰੂਪ ਸਿੰਘ ਨੇ ਹੋਰ ਮੁਲਜ਼ਮਾਂ ਬਾਰੇ ਪੁਲਿਸ ਨੂੰ ਅਹਿਮ ਸੁਰਾਗ ਦਿੱਤੇ ਹਨ। ਪੁਲਿਸ ਨੇ ਇਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਹੈ।


ਸਮਰਾਲਾ ਥਾਣੇ ਦੇ ਐਸਐਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਸਬੰਧੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਕਾਰਨ ਬੀਤੀ ਰਾਤ ਜਗਰੂਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਕੀ ਦੋ ਦੋਸ਼ੀ ਫਰਾਰ ਹਨ। ਉਨ੍ਹਾਂ ਦੀ ਤਲਾਸ਼ ਜਾਰੀ ਹੈ। ਮਹਿਲਾ ਕਮਿਸ਼ਨ ਦੀਆਂ ਹਦਾਇਤਾਂ ਦੇ ਆਧਾਰ ’ਤੇ ਡੀਐਸਪੀ ਜਾਂਚ ਕਰ ਰਹੀ ਹੈ।