Ludhiana News: ਪੰਜਾਬ ਨਸ਼ਿਆਂ ਕਰਕੇ ਬਦਨਾਮ ਹੋ ਰਿਹਾ ਹੈ। ਇਸ ਦਾ ਲਾਹਾ ਪਰਵਾਸੀ ਮਜ਼ਦੂਰ ਵੀ ਉਠਾਉਣ ਲੱਗੇ ਹਨ। ਸਮਰਾਲਾ ਵਿੱਚ ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰੋਜ਼ੀ-ਰੋਟੀ ਦੇ ਜੁਗਾੜ ਲਈ ਆਇਆ ਇੱਕ ਪਰਵਾਸੀ ਮਜ਼ਦੂਰ ਹੁਣ ਵੱਡਾ ਨਸ਼ਾ ਤਸਕਰ ਬਣ ਗਿਆ। ਉਹ ਪੰਜਾਬ ਵਿੱਚ ਵੱਡੇ ਪੱਧਰ 'ਤੇ ਨਸ਼ਾ ਸਪਲਾਈ ਕਰਨ ਲੱਗਾ। ਆਖਰ ਹੁਣ ਉਹ ਪੁਲਿਸ ਦੀ ਪਕੜ ਵਿੱਚ ਆ ਗਿਆ ਹੈ।
ਦਰਅਸਲ ਛੇ ਸਾਲ ਪਹਿਲਾਂ ਪੰਜਾਬ ਵਿੱਚ ਮਜ਼ਦੂਰੀ ਕਰਨ ਲਈ ਆਇਆ ਇੱਕ ਪਰਵਾਸੀ ਮਜ਼ਦੂਰ ਨਸ਼ੇ ਦੀ ਲਤ ਲੱਗਣ ਕਾਰਨ ਖੁਦ ਹੀ ਵੱਡਾ ਨਸ਼ਾ ਸਮਗਲਰ ਬਣ ਗਿਆ ਹੈ। ਇਹ ਵਿਅਕਤੀ ਪਿਛਲੇ ਤਿੰਨ ਸਾਲ ਤੋਂ ਪੰਜਾਬ ਵਿੱਚ ਵੱਡੇ ਪੱਧਰ ’ਤੇ ਅਫੀਮ ਦੀ ਸਪਲਾਈ ਕਰਨ ਵਿੱਚ ਲੱਗਿਆ ਹੋਇਆ ਸੀ ਤੇ ਲੰਘੇ ਦਿਨ ਇਸ ਨੂੰ ਸਮਰਾਲਾ ਪੁਲਿਸ ਨੇ ਇੱਕ ਕਿੱਲੋਂ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧ ਸਮਰਾਲਾ ਦੇ ਡੀਐਸਪੀ ਵਰਿਆਮ ਸਿੰਘ ਤੇ ਐਸਐਚਓ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਪੁਲਿਸ ਚੌਕੀ ਹੇਡੋਂ ਅੱਗੇ ਵਿਸ਼ੇਸ਼ ਨਾਕੇ ਦੌਰਾਨ ਜਦੋਂ ਮੁਲਜ਼ਮ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਕਿੱਲੋਂ ਅਫੀਮ ਬਰਾਮਦ ਹੋਈ। ਡੀਐਸਪੀ ਵਰਿਆਮ ਸਿੰਘ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਸ ਵਿਅਕਤੀ ਦੀ ਪਛਾਣ ਵਿਜੇਂਦਰ ਕੁਮਾਰ ਪਿੰਡ ਸੇਖੂਪੁਰਾ ਯੂਪੀ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਨੇ ਖੁਲਾਸਾ ਕੀਤਾ ਹੈ ਕਿ ਉਹ 6 ਸਾਲ ਪਹਿਲਾ ਉੱਤਰ ਪ੍ਰਦੇਸ਼ ਤੋਂ ਮਜ਼ਦੂਰੀ ਕਰਨ ਲਈ ਲੁਧਿਆਣਾ ਆਇਆ ਸੀ। ਕੁਝ ਦੇਰ ਮਜ਼ਦੂਰੀ ਕਰਨ ਤੋਂ ਬਾਅਦ ਉਹ ਆਟੋ ਰਿਕਸ਼ਾ ਚਲਾਉਣ ਲੱਗ ਪਿਆ ਤੇ ਇੱਥੋਂ ਹੀ ਉਸ ਨੂੰ ਨਸ਼ਾ ਕਰਨ ਦੀ ਆਦਤ ਪੈ ਗਈ। ਇਸ ਦੌਰਾਨ ਉਸ ਦੀ ਇੱਥ ਹੋਰ ਵਿਅਕਤੀ ਨਾਲ ਦੋਸਤੀ ਪੈ ਗਈ ਤੇ ਇਹ ਵਿਅਕਤੀ ਇਸ ਨੂੰ ਵੱਡੇ ਪੱਧਰ ’ਤੇ ਅਫੀਮ ਲਿਆ ਕੇ ਦੇਣ ਲੱਗ ਪਿਆ ਤੇ ਵਿਜੇਂਦਰ ਕੁਮਾਰ ਇਹ ਅਫੀਮ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਸਪਲਾਈ ਕਰਨ ਲੱਗ ਪਿਆ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਵਿਅਕਤੀ ਪਿਛਲੇ ਤਿੰਨ ਸਾਲ ਤੋਂ ਨਸ਼ਾ ਸਪਲਾਈ ਦੇ ਧੰਦੇ ਨਾਲ ਜੁੜਿਆ ਹੋਇਆ ਸੀ ਤੇ ਉਸ ਨੂੰ ਸਪਲਾਈ ਦੇਣ ਵਾਲੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਿਸ ਕਾਰਵਾਈ ਵਿੱਚ ਜੁਟੀ ਹੋਈ ਹੈ।