Sri Machhiwada Sahib : ਮੋਬਾਈਲ ਦੀ ਮਿਸ ਕਾਲ ਤੋਂ ਸ਼ੁਰੂ ਹੋਏ ਵਿਆਹੇ ਪ੍ਰੇਮੀ ਜੋੜੇ ਦੇ ਇਸ਼ਕ ਮਾਮਲੇ ਵਿੱਚ ਜੋੜੇ ਦਾ ਮੂੰਹ ਕਾਲਾ ਕਰਨ ਵਾਲੇ 12 ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਧੂਰੀ ਦੇ ਵਾਸੀ ਰਵੀ ਨੇ ਮਾਛੀਵਾੜਾ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਹ ਵਿਆਹਿਆ ਹੋਇਆ ਹੈ ਤੇ 2021 ਵਿੱਚ ਮੋਬਾਈਲ ਦੀ ਇੱਕ ਮਿਸ ਕਾਲ ਤੋਂ ਉਸ ਦੀ ਦੋਸਤੀ ਮਾਛੀਵਾੜਾ ਵਿਖੇ ਹੀ ਇੱਕ ਵਿਆਹੁਤਾ ਲੜਕੀ ਸੰਜੂ (ਕਾਲਪਨਿਕ ਨਾਂ) ਨਾਲ ਹੋ ਗਈ। 


ਦੋਵੇਂ ਆਪਸ ਵਿੱਚ ਮਿਲਦੇ-ਜੁਲਦੇ ਰਹਿੰਦੇ ਸਨ ਤੇ ਲੰਘੀ 21 ਅਗਸਤ ਨੂੰ ਵੀ ਉਸ ਦੀ ਪ੍ਰੇਮਿਕਾ ਨੇ ਮਿਲਣ ਲਈ ਅਹਿਮਦਗੜ੍ਹ ਵਿਖੇ ਬਲਾਇਆ। ਇੱਥੇ ਪ੍ਰੇਮਿਕਾ ਦੇ ਘਰ ਵਾਲੇ ਪਹੁੰਚ ਗਏ ਤੇ ਦੋਵਾਂ ਬੰਦੀ ਬਣਾ ਲਿਆ। ਪੀੜਤ ਕੁੜੀ ਮੁੰਡੇ ਦੇ ਅਨੁਸਾਰ ਜਦੋਂ ਪਰਿਵਾਰਕ ਮੈਂਬਰਾਂ ਨੂੰ ਵੀ ਬਲਾਇਆ ਗਿਆ ਤਾਂ ਉਹ ਨਹੀਂ ਆਏ, ਜਦੋਂ ਦੂਜੇ ਪਾਸੇ ਕੁੜੀ ਦੇ ਪਰਿਵਾਰਕ ਮੈਂਬਰ ਮੌਕੇ ਉੱਤੇ ਪਹੁੰਚੇ ਤਾਂ ਦੂਜੇ ਦਿਨ ਦੋਵਾਂ ਨੂੰ ਮਾਛੀਵਾੜਾ ਲਿਆਂਦਾ ਗਿਆ। 


ਇਹ ਹੈ ਪੂਰਾ ਮਾਮਲਾ 


ਰਵੀ ਅਨੁਸਾਰ ਮਾਛੀਵਾੜਾ ਵਿਖੇ ਇੱਕ ਘਰ ਵਿੱਚ ਉਸ ਦੀ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਨਾਲ ਹਮ-ਮਸ਼ਵਰਾ ਹੋ ਕੇ ਸਾਨੂੰ ਬੰਦੀ ਬਣਾ ਕੇ ਰੱਖਿਆ ਗਿਆ ਤੇ ਨਾਲ ਹੀ ਮੇਰੇ ਪਰਿਵਾਰਕ ਮੈਂਬਰਾਂ ਨੂੰ ਵੀ ਫੋਨ ਕਰਕੇ ਕਿਹਾ ਕਿ ਇਸ ਨੂੰ ਇੱਥੋਂ ਲੈ ਕੇ ਜਾਓ ਤੇ ਹਰਜ਼ਾਨੇ ਵਜੋਂ ਇੱਕ ਲੱਖ ਰੁਪਏ ਦੇ ਜਾਓ। ਰਵੀ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦੀ ਪ੍ਰੇਮਿਕਾ ਦਾ ਸਹੁਰਾ ਤੇ ਪੇਕਾ ਪਰਿਵਾਰ ਮੈਨੂੰ ਇਹ ਕਹਿੰਦਾ ਰਿਹਾ ਕਿ ਜੇ ਸਾਨੂੰ ਇੱਕ ਲੱਖ ਰੁਪਏ ਨਾ ਦਿੱਤੇ ਤਾਂ ਤੇਰੀ ਸਮਾਦ ਵਿੱਚ ਪੂਰੀ ਤਰ੍ਹਾਂ ਬੇਇੱਜ਼ਤੀ ਕਰਾਂਗੇ। 


ਉਸ ਨੇ ਦੱਸਿਆ ਕਿ 8 ਦਿਨ ਉਹ ਮਾਛੀਵਾੜਾ ਵਿੱਚ ਆਪਣੀ ਪ੍ਰੇਮਿਕਾ ਨਾਲ ਰਿਹਾ। ਬੀਤੇ ਦਿਨ 30 ਅਗਸਤ ਨੂੰ 2 ਵਜੇ ਫਿਰ ਪ੍ਰਧਾਨ ਛਿੰਦਰ ਕੌਰ ਤੇ ਉਸ ਦੀ ਪ੍ਰੇਮਿਕਾ ਸਹੁਰਾ ਪਰਿਵਾਰ ਤੇ 4-5 ਅਣਪਛਾਤੇ ਵਿਅਕਤੀਆਂ ਨੇ ਮੈਨੂੰ ਫਿਰ ਦੁਬਾਰਾ ਕਿਹਾ ਜੇ ਸਾਨੂੰ ਪੈਸੇ ਨਾ ਦਿੱਤੇ ਤਾਂ ਤੇਰਾ ਜਲੂਸ ਕੱਢਾਂਗੇ। ਰਵੀ ਨੇ ਕਿਹਾ ਉਸ ਕੋਲ ਪੈਸੇ ਨਹੀਂ ਹੈ। ਇਸ ਲਈ ਉਹ ਪੈਸੇ ਨਹੀਂ ਦੇ ਸਕਦਾ। 


ਪੀੜਤ ਬਿਆਨ ਦੇ ਆਧਾਰ ਉੱਤੇ ਪੁਲਿਸ ਨੇ 12 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ 4 ਵਿਅਕਤੀਆਂ ਨੂੰ ਗਿਫ਼ਤਾਰ ਵੀ ਕਰ ਲਿਆ ਹੈ ਪਰ ਇਸ ਸਬੰਧੀ ਪੁਲਿਸ ਨੇ ਅਜੇ ਤੱਕ ਹੋਈ ਸਪੱਸ਼ਟੀਕਰਨ ਨਹੀਂ ਕੀਤਾ ਹੈ।