Crime News: ਲੁਧਿਆਣਾ 'ਚ ਹਨੀ ਟ੍ਰੈਪ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਕਿਸਾਨ ਦਾ ਸ਼ਿਕਾਰ ਕੀਤਾ ਤੇ ਉਸ ਨੂੰ ਬਲੈਕਮੇਲ ਕਰਕੇ 50 ਹਜ਼ਾਰ ਰੁਪਏ ਹੜੱਪ ਲਏ। ਕਿਸਾਨ ਦੀ ਮਹਿਲਾ ਨਾਲ ਨਗਨ ਹਾਲਤ 'ਚ ਵੀਡੀਓ ਬਣਾ ਕੇ ਉਸ ਕੋਲੋਂ 50 ਹਜ਼ਾਰ ਰੁਪਏ ਲੈ ਲਏ।  ਡੇਹਲੋਂ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਪਤੀ-ਪਤਨੀ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਦੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਹੈ।


ਘਰਵਾਲੀ ਦੇ ਜਾਣ ਤੋਂ ਬਾਅਦ ਬਣੀ ਨੇੜਤਾ


ਜਾਣਕਾਰੀ ਦਿੰਦੇ ਹੋਏ ਪੀੜਤ ਬਿੱਟੂ ਨੇ ਦੱਸਿਆ ਕਿ ਦਸੰਬਰ ਮਹੀਨੇ 'ਚ ਉਸ ਨੂੰ ਔਰਤ ਅਕਬਰੀ ਦਾ ਫੋਨ ਆਇਆ ਸੀ। ਹੌਲੀ-ਹੌਲੀ ਉਹ ਅਕਬਰੀ ਨਾਲ ਗੱਲ ਕਰਨ ਲੱਗਾ। ਬਿੱਟੂ ਨੇ ਦੱਸਿਆ ਕਿ ਉਸਦੀ ਪਤਨੀ ਕਰੀਬ 4 ਸਾਲ ਪਹਿਲਾਂ ਉਸਨੂੰ ਛੱਡ ਕੇ ਚਲੀ ਗਈ ਸੀ। ਉਨ੍ਹਾਂ ਦਾ 5 ਸਾਲ ਦਾ ਬੇਟਾ ਹੈ ਜਿਸ ਤੋਂ ਬਾਅਦ ਉਸ ਦੀ ਅਕਬਰੀ ਨਾਲ ਨੇੜਤਾ ਹੋ ਗਈ। ਅਕਬਰੀ ਅਕਸਰ ਉਸ ਕੋਲ ਆਉਂਦਾ ਸੀ। ਉਨ੍ਹਾਂ ਵਿਚਕਾਰ ਸਰੀਰਕ ਸਬੰਧ ਵੀ ਬਣ ਗਏ।


ਘਰ ਵਿੱਚ ਵੜ ਕੇ ਬਣਾਈ ਵੀਡੀਓ


ਅਕਬਰੀ ਕੁਝ ਦਿਨ ਉਸ ਕੋਲ ਨਹੀਂ ਆਈ ਪਰ ਪਿਛਲੇ 4-5 ਦਿਨਾਂ ਤੋਂ ਅਕਬਰੀ ਉਸ ਦੇ ਘਰ ਆਉਣ ਲੱਗੀ। ਇੱਕ ਦਿਨ ਪਹਿਲਾਂ ਜਦੋਂ ਅਕਬਰੀ ਉਸ ਦੇ ਘਰ ਆਈ ਤਾਂ ਉਹ ਉਸ ਨੂੰ ਘਰ ਛੱਡ ਕੇ ਕੰਮ ’ਤੇ ਚਲਾ ਗਿਆ। ਕੁਝ ਸਮੇਂ ਬਾਅਦ ਉਹ ਉਸ ਲਈ ਖਾਣ-ਪੀਣ ਦਾ ਸਮਾਨ ਲੈ ਆਇਆ। ਦੋਵੇਂ ਕਮਰੇ ਵਿੱਚ ਬੈਠੇ ਸਨ। ਇਸ ਦੌਰਾਨ ਦੋ ਵਿਅਕਤੀ ਕਮਰੇ ਵਿੱਚ ਦਾਖਲ ਹੋਏ। ਬਿੱਟੂ ਅਨੁਸਾਰ ਅਕਬਰੀ ਤੇ ਉਹ ਦੋਵੇਂ ਨੰਗੇ ਸਨ। ਉਕਤ ਵਿਅਕਤੀਆਂ ਨੇ ਅਕਬਰੀ ਨਾਲ ਉਸ ਦੀ ਵੀਡੀਓ ਬਣਾ ਲਈ। ਉਹ ਉਸ ਨੂੰ ਬਲੈਕਮੇਲ ਕਰਨ ਲੱਗੇ। 


ਲੁੱਟੇ ਜਾਣ ਤੋਂ ਬਾਅਦ ਕਰਵਾਇਆ ਮਾਮਲਾ ਦਰਜ


ਬਿੱਟੂ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਤੋਂ 1 ਲੱਖ ਰੁਪਏ ਮੰਗੇ। ਉਸ ਨੇ ਬੈਂਕ ਤੋਂ 20 ਹਜ਼ਾਰ ਰੁਪਏ ਅਤੇ ਇੱਕ ਦੋਸਤ ਤੋਂ 30 ਹਜ਼ਾਰ ਰੁਪਏ ਉਧਾਰ ਲੈ ਕੇ ਉਸ ਨੂੰ ਦੇ ਦਿੱਤੇ। ਉਹ ਕਾਫੀ ਪਰੇਸ਼ਾਨ ਸੀ। ਉਸ ਨੇ ਇਸ ਘਟਨਾ ਬਾਰੇ ਪਿੰਡ ਦੇ ਕੁਝ ਲੋਕਾਂ ਨੂੰ ਦੱਸਿਆ, ਜਿਸ ਤੋਂ ਬਾਅਦ ਉਹ ਲੋਕਾਂ ਦੀ ਮਦਦ ਨਾਲ ਥਾਣਾ ਡੇਹਲੋਂ ਵਿਖੇ ਸ਼ਿਕਾਇਤ ਦਰਜ ਕਰਵਾਉਣ ਗਿਆ।  ਪੁਲਿਸ ਨੇ ਜਦੋਂ ਮੁਲਜ਼ਮਾਂ ਦੀ ਪੜਤਾਲ ਕਰਕੇ ਮੁਲਜ਼ਮ ਕਰਨਵੀਰ ਸਿੰਘ ਅਤੇ ਅਕਬਰੀ ਦਾ ਆਧਾਰ ਕਾਰਡ ਦੇਖਿਆ ਤਾਂ ਪਤਾ ਲੱਗਾ ਕਿ ਕਰਨਵੀਰ ਅਕਬਰੀ ਦਾ ਪਤੀ ਹੈ।