Ludhiana News: ਲੁਧਿਆਣਾ ਵਿੱਚ ਡਿਊਟੀ 'ਤੇ ਤਾਇਨਾਤ ਟ੍ਰੈਫਿਕ ਪੁਲਿਸ ਮੁਲਾਜ਼ਮ ਦਾ ਰਿਸ਼ਵਤ ਲੈਂਦਿਆਂ ਹੋਇਆਂ ਵੀਡੀਓ ਸਾਹਮਣੇ ਆਇਆ ਹੈ। ਇਹ ਘਟਨਾ ਸ਼ਹਿਰ ਦੇ ਸਭ ਤੋਂ ਵਿਅਸਤ ਜਲੰਧਰ ਬਾਈਪਾਸ ਚੌਂਕ ਦੀ ਹੈ, ਜਿੱਥੇ ਇੱਕ ਟ੍ਰੈਫਿਕ ASI ਡਰਾਈਵਰ ਨੂੰ ਚਲਾਨ ਦਾ ਡਰ ਦਿਖਾ ਕੇ ਸ਼ਰੇਆਮ ਸੌਦੇਬਾਜੀ ਕਰਦਾ ਦਿਖਾਈ ਦੇ ਰਿਹਾ ਹੈ।
ਵੀਡੀਓ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਰਿਸ਼ਵਤ ਦੀ ਰਕਮ ਨਕਦੀ ਵਿੱਚ ਨਹੀਂ, ਸਗੋਂ ਨੇੜਲੇ ਦੁਕਾਨਦਾਰ ਤੋਂ ਇੱਕ QR ਕੋਡ ਰਾਹੀਂ ਟ੍ਰਾਂਸਫਰ ਕੀਤੀ ਗਈ ਸੀ, ਜਿਸ ਨਾਲ ਲੈਣ-ਦੇਣ ਦਾ ਕੋਈ ਸਿੱਧਾ ਸਬੂਤ ਨਹੀਂ ਮਿਲਿਆ।
ਚਾਹ ਪੀਂਦਿਆਂ ਹੋਇਆਂ ਇਸ ਡੀਲ ਵਿੱਚ ਪਹਿਲਾਂ ₹500 ਰੁਪਏ ਮੰਗੇ ਗਏ ਪਰ ਬਾਅਦ ਵਿੱਚ ₹300 ਵਿੱਚ ਗੱਲਬਾਤ ਪੱਕੀ ਹੋ ਗਈ। ਪੁਲਿਸ ਕਰਮਚਾਰੀ ਦੇ ਇਸ਼ਾਰੇ 'ਤੇ ਫੇਰੀ ਵਾਲੇ ਨੇ ਆਪਣਾ ਖਾਤਾ ਚੈੱਕ ਕੀਤਾ ਅਤੇ ਦੁਕਾਨਦਾਰ ਨੇ ਪੈਸੇ ਟ੍ਰਾਂਸਫਰ ਦੀ ਪੁਸ਼ਟੀ ਕੀਤੀ। ਹਾਲਾਂਕਿ, ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਵੀਡੀਓ ਜਲੰਧਰ ਬਾਈਪਾਸ ਚੌਕ ਤੋਂ ਸ਼ੁਰੂ ਹੁੰਦੀ ਹੈ। ਨੀਲੀ ਪੱਗ ਪਹਿਨੇ ਇੱਕ ਟ੍ਰੈਫਿਕ ਪੁਲਿਸ ਵਾਲਾ ਸੜਕ ਕਿਨਾਰੇ ਖੜ੍ਹਾ ਦਿਖਾਈ ਦਿੰਦਾ ਹੈ। ਉਹ ਇੱਕ ਡਰਾਈਵਰ ਨੂੰ ਰੋਕਦਾ ਹੈ ਅਤੇ ਕਾਰਵਾਈ ਦੀ ਧਮਕੀ ਦਿੰਦਾ ਹੈ। ਡਰਿਆ ਹੋਇਆ ਡਰਾਈਵਰ ਤੁਰੰਤ ਪੈਸੇ ਦੇਣ ਅਤੇ ਮਾਮਲਾ ਸੁਲਝਾਉਣ ਲਈ ਸਹਿਮਤ ਹੋ ਜਾਂਦਾ ਹੈ।
ਫਿਰ ਡਰਾਈਵਰ ਨੇੜਲੇ ਇੱਕ ਸਟਰੀਟ ਵਿਕਰੇਤਾ ਕੋਲ ਜਾਂਦਾ ਹੈ ਅਤੇ ਉਸ ਨੂੰ ਸਕੈਨਰ ਵਿੱਚ ₹500 ਜਮ੍ਹਾ ਕਰਨ ਲਈ ਕਹਿੰਦਾ ਹੈ। ਦੁਕਾਨਦਾਰ ਸ਼ੁਰੂ ਵਿੱਚ ਉਸ ਦੇ ਖਾਤੇ ਵਿੱਚ ਤਕਨੀਕੀ ਸਮੱਸਿਆ ਕਾਰਨ ਪੈਸੇ ਲੈਣ ਤੋਂ ਝਿਜਕਦਾ ਹੈ।
ਇਸ ਦੌਰਾਨ ਡਰਾਈਵਰ ਦੁਬਾਰਾ ASI ਕੋਲ ਜਾਂਦਾ ਹੈ ਅਤੇ ਕਹਿੰਦਾ ਹੈ, "ਬਾਪੂ ਪੂਰਾ 500 ਮੰਗ ਲਿਆ, ਹੁਣ ਮਿਸ ਨਹੀਂ ਹੋਵੇਗਾ। ਇਸ ਦੌਰਾਨ ਚਾਹ ਦਾ ਕੱਪ ਪਕੜੇ ASI ਕਹਿੰਦਾ ਕਿ ਚੱਲ 300 ਰੁਪਏ ਪਾ ਦਿਓ।"
ਵੀਡੀਓ ਵਿੱਚ ਅੱਗੇ ਦਿਖਾਇਆ ਗਿਆ ਹੈ ਕਿ ਸੜਕ ਵਿਕਰੇਤਾ ਪੁਲਿਸ ਵਾਲੇ ਦੇ ਕਹਿਣ 'ਤੇ ਆਪਣਾ ਖਾਤਾ ਚੈੱਕ ਕਰ ਰਿਹਾ ਹੈ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਜਦੋਂ ਦੁਕਾਨਦਾਰ ਦਾ ਗੂਗਲ ਪੇਅ ਖੁੱਲ੍ਹਦਾ ਹੈ, ਤਾਂ ਡਰਾਈਵਰ ਜਿਸਦੀ ਪਛਾਣ ਨਵਦੀਪ ਸਿੰਘ ਵਜੋਂ ਹੋਈ ਹੈ, ਆਪਣੇ ਮੋਬਾਈਲ ਫੋਨ ਤੋਂ ਦੁਕਾਨਦਾਰ ਸ਼ਿਵ ਪ੍ਰਤਾਪ ਰਾਮਪਾਲ ਯਾਦਵ ਦੇ ਖਾਤੇ ਵਿੱਚ ₹300 ਆਨਲਾਈਨ ਟਰਾਂਸਫਰ ਕਰਦਾ ਹੈ।
ਦੁਕਾਨਦਾਰ ਖੁਦ ਟਰਾਂਸਫਰ ਦੀ ਪੁਸ਼ਟੀ ਕਰਦਾ ਹੈ। ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਟ੍ਰੈਫਿਕ ਪੁਲਿਸ ਦੇ ਕੰਮ ਕਰਨ ਦੇ ਤਰੀਕਿਆਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
