Ludhiana News: ਲੁਧਿਆਣਾ ਵਿੱਚ ਅਪਰਾਧ ਸਾਰੇ ਰਿਕਾਰਡ ਤੋੜ ਰਿਹਾ ਹੈ। ਪੁਲਿਸ ਦੀ ਸਖਤ ਦੇ ਬਾਵਜੂਦ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਦਿਨ-ਦਿਹਾੜੇ ਬੇਖੌਫ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ ਕਿ ਢੋਲੇਵਾਲ ਚੌਕ ਸਥਿਤ ਜੁਆਇੰਟ ਪੁਲਿਸ ਕਮਿਸ਼ਨਰ ਦੇ ਦਫ਼ਤਰ ਤੋਂ ਕਰੀਬ 500 ਮੀਟਰ ਦੂਰੀ ’ਤੇ ਸਥਿਤ ਬੈਂਕ ’ਚ ਪੈਸੇ ਜਮ੍ਹਾਂ ਕਰਵਾਉਣ ਗਏ ਪੈਟਰੋਲ ਪੰਪ ਦੇ ਮੈਨੇਜਰ ਤੇ ਉਸ ਦੇ ਸਾਥੀ ਤੋਂ 25 ਲੱਖ ਰੁਪਏ ਲੁੱਟੇ ਗਏ। 


 



ਹੈਰਾਨੀ ਦੀ ਗੱਲ ਇਹ ਹੈ ਕਿ ਦਿਨ ਦੇ ਕਰੀਬ ਸਾਢੇ ਤਿੰਨ ਵਜੇ ਮੋਟਰਸਾਈਕਲ ਸਵਾਰ 2 ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮਾਂ ਨੇ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ। ਢੋਲੇਵਾਲ ਚੌਕ ਤੇ ਸ਼ੇਰਪੁਰ ਚੌਕ ’ਚ ਹਮੇਸ਼ਾ ਪੁਲਿਸ ਦਾ ਨਾਕਾ ਲੱਗਿਆ ਰਹਿੰਦਾ ਹੈ। ਇਸ ਦੇ ਬਾਵਜੂਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਤੇ ਥਾਣਾ ਡਿਵੀਜ਼ਨ ਨੰਬਰ-6 ਦੀ ਪੁਲਿਸ ਮੌਕੇ ’ਤੇ ਪੁੱਜੀ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਮੁਲਜ਼ਮਾਂ ਦੀ ਪਛਾਣ ਕਰ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ। 



ਚੰਡੀਗੜ੍ਹ ਰੋਡ ਸਥਿਤ ਆਹੂਜਾ ਫਿਲਿੰਗ ਸਟੇਸ਼ਨ ’ਤੇ ਬਤੌਰ ਮੈਨੇਜਰ ਕੰਮ ਕਰਨ ਵਾਲਾ ਪ੍ਰਦੀਪ ਕੁਮਾਰ ਆਪਣੇ ਸਾਥੀ ਮਲਕੀਤ ਸਿੰਘ ਨਾਲ ਢੋਲੇਵਾਲ ਚੌਕ ਸਥਿਤ ਐੱਸਬੀਆਈ ਬੈਂਕ ਵਿੱਚ ਸਵਿਫਟ ਕਾਰ ’ਚ 25 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਗਿਆ ਸੀ। ਉਨ੍ਹਾਂ ਜਦੋਂ ਬੈਂਕ ਦੇ ਸਾਹਮਣੇ ਕਾਰ ਰੋਕ ਕੇ ਬੈਗ ਬਾਹਰ ਕੱਢਿਆ ਤਾਂ ਮੋਟਰਸਾਈਕਲ ਸਵਾਰ 2 ਲੁਟੇਰੇ ਆਏ ਤੇ ਬਿਨਾਂ ਹਥਿਆਰ ਦਿਖਾਏ, ਉਨ੍ਹਾਂ ਨੂੰ ਧੱਕਾ ਦੇ ਕੇ ਬੈਗ ਲੈ ਕੇ ਫ਼ਰਾਰ ਹੋ ਗਏ। ਜਦੋਂ ਤੱਕ ਪ੍ਰਦੀਪ ਤੇ ਮਲਕੀਤ ਕੁਝ ਕਰ ਪਾਉਂਦੇ, ਮੁਲਜ਼ਮ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ। 


ਉਨ੍ਹਾਂ ਮੁਲਜ਼ਮਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਲੁਟੇਰਿਆਂ ਦਾ ਕੁਝ ਪਤਾ ਨਹੀਂ ਲੱਗਿਆ। ਸੂਚਨਾ ਮਿਲਦੇ ਹੀ ਏਡੀਸੀਪੀ-2 ਕਾਸਿਮ ਸੋਹੇਲ ਮੀਰ, ਏਸੀਪੀ ਸੰਦੀਪ ਵਢੇਰਾ, ਥਾਣਾ ਡਿਵੀਜ਼ਨ ਨੰਬਰ 6 ਤੇ ਸੀਆਈਏ ਦੇ ਨਾਲ ਨਾਲ ਕਈ ਟੀਮਾਂ ਮੌਕੇ ’ਤੇ ਪੁੱਜੀਆਂ। ਪੁਲਿਸ ਨੇ ਆਸ-ਪਾਸ ਦੇ ਸੀਸੀਟੀਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ। ਇੱਕ ਫੁਟੇਜ ’ਚ ਮੁਲਜ਼ਮ ਦਿਖਾਈ ਵੀ ਦਿੱਤੇ ਹਨ। ਪੁਲਿਸ ਨੇ ਫੁਟੇਜ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ, ਏਸੀਪੀ ਸੰਦੀਪ ਵਢੇਰਾ ਨੇ ਆਖਿਆ ਕਿਸੀਸੀਟੀਵੀ ਰਾਹੀਂ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।