Ludhiana News: ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦੀ ਹਲਕਾ ਜਗਰਾਉਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਘਰ ਅਚਾਨਕ ਫੇਰੀ ਨੇ ਸਿਆਸੀ ਚਰਚਾ ਛੇੜ ਦਿੱਤੀ ਹੈ। ਜਗਰਾਉਂ ਆਉਣ ਤੋਂ ਥੋੜ੍ਹੀ ਦੇਰ ਪਹਿਲਾਂ ਮਨਪ੍ਰੀਤ ਕੌਰ ਨੇ ਵਿਧਾਇਕਾ ਮਾਣੂੰਕੇ ਨੂੰ ਫੋਨ ਕੀਤਾ ਤੇ ਕਿਹਾ ਕਿ ਉਹ ਚਾਹ ਪੀਣ ‘ਵੱਡੀ ਭੈਣ’ ਦੇ ਘਰ ਆਉਣਾ ਚਾਹੁੰਦੇ ਹਨ। ਇਸ ਤੋਂ ਤੁਰੰਤ ਮਗਰੋਂ ਉਨ੍ਹਾਂ ਦਾ ਕਾਫਲਾ ਉੱਥੇ ਪਹੁੰਚ ਗਿਆ।
ਬੇਸ਼ੱਕ ਆਮ ਆਦਮੀ ਪਾਰਟੀ ਦੇ ਲੀਡਰ ਇਸ ਨੂੰ ਆਮ ਮੁਲਾਕਾਤ ਕਹਿ ਰਹੇ ਹਨ ਪਰ ਇਸ ਦੀ ਕਈ ਸਿਆਸੀ ਅਰਥ ਵੀ ਕੱਢੇ ਜਾ ਰਹੇ ਹਨ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਪਾਰਟੀ ਵਿੱਚ ਕਾਫੀ ਸੀਨੀਅਰ ਹਨ। ਇਹ ਵੀ ਚਰਚਾ ਸੀ ਕਿ ਉਨ੍ਹਾਂ ਨੂੰ ਕੈਬਨਿਟ ਵਿੱਚ ਨਾ ਲਏ ਜਾਣ ਕਰਕੇ ਉਹ ਨਾਰਾਜ਼ ਵੀ ਸਨ। ਇਸ ਦੇ ਬਾਵਜੂਦ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਦੇ ਜਨਤਕ ਤੌਰ 'ਤੇ ਕੋਈ ਗਿਲਾ ਨਹੀਂ ਕੀਤਾ।
ਹਾਸਲ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਅਚਨਚੇਤ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਘਰ ਪਹੁੰਚੇ। ਸੂਤਰਾਂ ਮੁਤਾਬਕ ਜਗਰਾਉਂ ਆਉਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਉਨ੍ਹਾਂ ਵਿਧਾਇਕਾ ਮਾਣੂੰਕੇ ਨੂੰ ਫੋਨ ਕੀਤਾ ਤੇ ਕਿਹਾ ਕਿ ਉਹ ਚਾਹ ਪੀਣ ‘ਵੱਡੀ ਭੈਣ’ ਦੇ ਘਰ ਆਉਣਾ ਚਾਹੁੰਦੇ ਹਨ। ਵਿਧਾਇਕਾ ਵੱਲੋਂ ਘਰ ਹੀ ਹੋਣ ਦੀ ਗੱਲ ਕਹਿਣ ਦੀ ਦੇਰੀ ਸੀ ਕਿ ਮਿੰਟਾਂ ਵਿੱਚ ਗੱਡੀਆਂ ਦਾ ਕਾਫ਼ਲਾ ਉਨ੍ਹਾਂ ਦੀ ਸਥਾਨਕ ਮਲਕ ਰੋਡ ਸਥਿਤ ਰਿਹਾਇਸ਼ ਅੱਗੇ ਪਹੁੰਚ ਗਿਆ।
ਵਿਧਾਇਕਾ ਮਾਣੂੰਕੇ ਦੇ ਪਰਿਵਾਕ ਮੈਂਬਰਾਂ ਨੇ ਮਨਪ੍ਰੀਤ ਕੌਰ ਦਾ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਮਨਪ੍ਰੀਤ ਕੌਰ ਨੇ ਵਿਧਾਇਕਾ ਮਾਣੂੰਕੇ ਦੇ ਪਰਿਵਾਰ ਨਾਲ ਗੱਲਾਂ ਸਾਂਝੀਆਂ ਕਰਨ ਮਗਰੋਂ ਇਕੱਠੇ ਹੋਏ ਵਾਲੰਟੀਅਰਾਂ ਨਾਲ ਮੁਲਾਕਾਤ ਕੀਤੀ ਤੇ ਪਾਰਟੀ ਲਈ ਇਸੇ ਤਰ੍ਹਾਂ ਡਟੇ ਰਹਿਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਅਗਾਮੀ ਪੰਚਾਇਤ ਤੇ ਨਗਰ ਕੌਂਸਲ ਚੋਣਾਂ ’ਚ ਵੀ ਵਿਧਾਨ ਸਭਾ ਚੋਣਾਂ ਵਰਗਾ ਫਤਵਾ ਲਿਆਉਣ ਲਈ ਸਾਰੇ ਇਕਜੁੱਟ ਹੋ ਕੇ ਕੰਮ ਕਰਨ। ਉਨ੍ਹਾਂ ਪਾਰਟੀ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ।