ਸੂਬੇ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੋਏ ਪਏ ਹਨ, ਆਏ ਦਿਨ ਕੋਈ ਨਾ ਕੋਈ ਚੋਰੀ ਦਾ ਮਾਮਲਾ ਸਾਹਮਣੇ ਆ ਜਾਂਦਾ ਹੈ। ਤਾਜ਼ਾ ਮਾਮਲਾ ਲੁਧਿਆਣਾ ਤੋਂ ਆਇਆ ਹੈ। ਜਿੱਥੇ ਨਿਊ ਰਾਜਗੁਰੂ ਨਗਰ 'ਚ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਹਰ ਰੋਜ਼ ਕੋਈ ਨਾ ਕੋਈ ਘਰ ਚੋਰਾਂ ਦਾ ਨਿਸ਼ਾਨਾ ਬਣ ਰਿਹਾ ਹੈ। ਤਾਜ਼ਾ ਮਾਮਲਾ ਅਮਨ ਪਾਰਕ ਨੇੜੇ ਦਾ ਸਾਹਮਣੇ ਆਇਆ ਹੈ। ਬੰਦ ਘਰ ਦੀ ਖਿੜਕੀ ਤੋੜ ਕੇ ਚੋਰ ਅੰਦਰ ਦਾਖਲ ਹੋਏ। ਬਦਮਾਸ਼ਾਂ ਨੇ ਘਰ ਤੋਂ ਲਗਭਗ 15 ਤੋਲੇ ਸੋਨਾ, 75 ਹਜ਼ਾਰ ਰੁਪਏ ਨਕਦੀ ਅਤੇ ਕੀਮਤੀ ਘੜੀਆਂ ਚੋਰੀ ਕਰ ਲਈਆਂ।

Continues below advertisement

CCTV ਕੈਮਰੇ ਵਿੱਚ ਵੀ ਕੈਦ ਹੋਏ ਚੋਰ

ਭੱਜਦੇ ਹੋਏ ਚੋਰ CCTV ਕੈਮਰੇ ਵਿੱਚ ਵੀ ਕੈਦ ਹੋ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੋਕ ਹੁਣ ਇਲਾਕਾ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾ ਰਹੇ ਹਨ। ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।

Continues below advertisement

ਪੀੜਤ ਸੁਨੀਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਨਿਊ ਰਾਜਗੁਰੂ ਨਗਰ ਦੇ ਰਹਿਣ ਵਾਲੇ ਹਨ। ਉਹ ਆਪਣੇ ਪਰਿਵਾਰ ਸਮੇਤ ਦੋ ਦਿਨ ਲਈ ਹਿਮਾਚਲ ਪ੍ਰਦੇਸ਼ ਗਏ ਹੋਏ ਸਨ। ਉਹ ਪਿੱਛੋਂ ਹਿਮਾਚਲ ਦੇ ਹੀ ਰਹਿਣ ਵਾਲੇ ਹਨ ਅਤੇ ਇੱਥੇ ਸੀਕੇ ਬਿਰਲਾ ਗਰੁੱਪ ਵਿੱਚ ਮੈਨੇਜਰ ਦੇ ਅਹੁਦੇ 'ਤੇ ਕੰਮ ਕਰਦੇ ਹਨ।

ਪਰਿਵਾਰ ਨੂੰ ਮਿਲ ਕੇ ਜਦੋਂ ਉਹ ਦੋ ਦਿਨ ਬਾਅਦ ਘਰ ਵਾਪਸ ਆਏ ਤਾਂ ਉਹਨਾਂ ਦੇ ਪੈਰਾਂ ਹੇਠੋਂ ਜਿਵੇਂ ਧਰਤੀ ਹੀ ਖਿਸਕ ਗਈ। ਘਰ ਦੇ ਬਾਹਰ ਖਿੜਕੀ ਕਿਸੇ ਨੇ ਤੋੜੀ ਹੋਈ ਸੀ। ਘਰ ਦੇ ਅੰਦਰ ਹਰ ਜਗ੍ਹਾ ਸਮਾਨ ਬਿਖਰਿਆ ਪਿਆ ਸੀ। ਕਮਰੇ ਦੀ ਅਲਮਾਰੀ ਵਿੱਚ ਰੱਖੇ ਲਗਭਗ 15 ਤੋਲੇ ਸੋਨੇ ਦੇ ਗਹਿਣੇ, 75 ਹਜ਼ਾਰ ਰੁਪਏ ਨਕਦ ਅਤੇ ਕਈ ਮਹਿੰਗੀਆਂ ਘੜੀਆਂ ਗਾਇਬ ਸਨ। ਸੇਫ ਦੇ ਤਾਲੇ ਵੀ ਬੁਰੀ ਤਰ੍ਹਾਂ ਟੁੱਟੇ ਹੋਏ ਮਿਲੇ।

ਸੀਸੀਟੀਵੀ ਵਿੱਚ ਭੱਜਦੇ ਦਿਖੇ ਚੋਰ

ਉਹਨਾਂ ਨੇ ਆਲੇ-ਦੁਆਲੇ ਦੇ ਲੋਕਾਂ ਤੋਂ ਵੀ ਘਟਨਾ ਬਾਰੇ ਪੁੱਛਤਾਛ ਕੀਤੀ, ਪਰ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ। ਜਦੋਂ ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਚੈਕ ਕੀਤੇ ਗਏ ਤਾਂ ਖੁਲਾਸਾ ਹੋਇਆ ਕਿ ਬਾਈਕ ਸਵਾਰ 3 ਬਦਮਾਸ਼ ਇਸ ਚੋਰੀ ਨੂੰ ਅੰਜਾਮ ਦੇ ਗਏ ਹਨ। ਭੱਜਦੇ ਸਮੇਂ ਚੋਰਾਂ ਦੇ ਹੱਥਾਂ ਵਿੱਚ ਦੋ ਥੈਲੇ ਵੀ ਨਜ਼ਰ ਆਏ।

ਸੁਨੀਲ ਦੇ ਮੁਤਾਬਕ, ਬਦਮਾਸ਼ ਉਹਨਾਂ ਦੀ ਜ਼ਿੰਦਗੀ ਭਰ ਦੀ ਪੂੰਜੀ ਲੈ ਕੇ ਫਰਾਰ ਹੋ ਗਏ ਹਨ। ਇਸ ਮਾਮਲੇ ਵਿੱਚ ਹੁਣ ਤੱਕ ਪੁਲਿਸ ਨੇ ਸਿਰਫ਼ ਕੇਸ ਦਰਜ ਕੀਤਾ ਹੈ, ਜਦੋਂ ਕਿ ਚੋਰਾਂ ਬਾਰੇ ਕੋਈ ਖਾਸ ਸੁਰਾਗ ਹੱਥ ਨਹੀਂ ਲੱਗਿਆ। ਸੁਨੀਲ ਨੇ ਦੱਸਿਆ ਕਿ ਥਾਣਾ ਸਰਾਬਾ ਨਗਰ ਦੀ ਪੁਲਿਸ ਨੇ ਭਰੋਸਾ ਦਵਾਇਆ ਹੈ ਕਿ ਜਲਦੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।