ਲੁਧਿਆਣਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਅਗਵਾਈ ਹੇਠ ਸਥਾਨਕ ਚਾਂਦ ਸਿਨੇਮਾ ਨੇੜੇ ਬੁੱਢੇ ਦਰਿਆ ਦੇ ਬੰਦ ਹੋਏ ਪੁਲ ਦੇ ਨਵੀਨੀਕਰਣ ਕਾਰਜ਼ਾਂ ਦੀ ਰਸਮੀ ਸ਼ੁਰੂਆਤ ਆਮ ਆਦਮੀ (ਰਿਕਸ਼ਾ ਚਾਲਕ) ਕੋਲੋਂ ਕਰਵਾਈ ਗਈ।


ਵਿਧਾਇਕ ਬੱਗਾ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਵਿਕਾਸ ਕਾਰਜ਼ਾਂ ਦੇ ਨੀਂਹ ਪੱਥਰ ਵੀ ਆਮ ਲੋਕਾਂ ਦੇ ਸਹਿਯੋਗ ਨਾਲ ਰੱਖੇ ਜਾ ਰਹੇ ਹਨ।


ਵਿਧਾਇਕ ਬੱਗਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਅਧੀਨ ਜਲੰਧਰ ਬਾਈ ਪਾਸ ਤੋਂ ਸ਼ਹਿਰ ਵਿੱਚ ਦਾਖਲ ਹੋਣ ਲਈ ਚਾਂਦ ਸਿਨੇਮਾ ਨੇੜਲੇ ਇਸ ਪੁਲ ਰਾਹੀਂ ਲੱਖਾਂ ਲੋਕਾਂ ਵਲੋਂ ਆਵਾਜਾਈ ਕੀਤੀ ਜਾਂਦੀ ਹੈ ਜਿਸ ਨੂੰ ਪਿਛਲੇ ਕਰੀਬ 10 ਸਾਲਾਂ ਤੋਂ ਅਸੁਰੱਖਿਅਤ ਘੋਸ਼ਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪਿਛਲੇ 5 ਸਾਲਾਂ ਤੋਂ ਭਾਰੀ ਵਾਹਨਾਂ ਅਤੇ ਚਾਰ ਪਹੀਆ ਵਾਹਨਾਂ ਲਈ ਇਸ ਪੁਲ ਤੋਂ ਬਦਲਵਾਂ ਰਸਤਾ ਅਪਣਾਇਆ ਜਾ ਰਿਹਾ ਹੈ ਜਿਸ ਕਾਰਨ ਅਕਸਰ ਲੋਕਾਂ ਨੂੰ ਲੰਬੇ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ।


ਇਹ ਵੀ ਪੜ੍ਹੋ: Ludhiana news: ਅਮਰੀਕਾ ਤੋਂ ਪਰਤੀ ਨੌਜਵਾਨ ਪੁੱਤ ਦੀ ਲਾਸ਼, ਮਾਪਿਆਂ ਨੇ ਸਿਹਰਾ ਸਜਾ ਦਿੱਤੀ ਅੰਤਿਮ ਵਿਦਾਇਗੀ


ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੌਣਾਂ ਦੌਰਾਨ ਉਨ੍ਹਾਂ ਹਲਕੇ ਉੱਤਰੀ ਦੇ ਵੋਟਰਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਇਸ ਪੁਲ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ ਹੁਣ ਹਲਕੇ ਦੇ ਲੋਕਾਂ ਤੋਂ ਇਲਾਵਾ ਸਾਰੇ ਸ਼ਹਿਰ ਵਾਸੀਆਂ ਦੀ ਚਿਰੌਕਣੀ ਮੰਗ ਨੂੰ ਬੂਰ ਪਿਆ ਹੈ ਅਤੇ ਕਰੀਬ 8.62 ਕਰੋੜ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਤੈਅ ਸਮੇਂਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਲੋਕਾਂ ਦੀ ਆਵਾਜਾਈ ਸੁਖਾਵੀਂ ਹੋ ਸਕੇ।


ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।


ਇਹ ਵੀ ਪੜ੍ਹੋ: Punjab news: ਕੇਂਦਰ ਵੱਲੋਂ ਪੰਜਾਬ ਦੀਆਂ ਝਾਕੀਆਂ ਪਰੇਡ 'ਚ ਸ਼ਾਮਲ ਨਾ ਕਰਨਾ ਮੰਦਭਾਗਾ - ਵਿਧਾਇਕ ਗਰੇਵਾਲ


ਇਸ ਮੌਕੇ ਪੀ.ਡਬਲਿਊ.ਡੀ. ਵਿਭਾਗ ਦੇ ਸੁਪਰਇਨਟੈਂਡਿੰਗ ਇੰਜੀ: ਹਰਿੰਦਰ ਸਿੰਘ ਢਿੱਲੋਂ, ਕਾਰਜਕਾਰੀ ਇੰਜੀਨੀਅਰ ਰਣਜੀਤ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ।