Ludhian News: ਜਗਰਾਉਂ ਤੋਂ ਰਾਏਕੋਟ ਰੋਡ 'ਤੇ ਅਖਾੜਾ ਨਹਿਰ ਉਪਰ ਨਵਾਂ ਪੁਲ ਬਣਨ ਨਾਲ ਹਲਕੇ ਦੇ ਲੋਕਾਂ ਦੀ ਵੱਡੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਲੋਕਾਂ ਨੂੰ ਹੁਣ ਪੁਰਾਣੇ ਤੰਗ ਪੁਲ ਉਪਰ ਲੱਗਦੇ ਲੰਮੇ ਜ਼ਾਮ ਵਿੱਚ ਨਹੀਂ ਫਸਣਾ ਪਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਜਗਰਾਉਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅਖਾੜਾ ਨਹਿਰ ਉਪਰ ਬਣਨ ਵਾਲੇ ਨਵੇਂ ਪੁਲ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਹਲਕੇ ਦੀਆਂ ਵੱਡੀਆਂ ਸਖ਼ਸ਼ੀਅਤਾਂ ਮੌਜੂਦ ਸਨ।
ਇਸ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਣੂੰਕੇ ਨੇ ਆਖਿਆ ਕਿ ਪੁਰਾਣਾ ਪੁਲ ਕੇਵਲ 15 ਕੁ ਫੁੱਟ ਹੀ ਚੌੜਾ ਹੋਣ ਕਾਰਨ ਵੱਡੇ ਜਾਮ ਲੱਗ ਜਾਂਦੇ ਸਨ, ਪਰ ਹੁਣ ਨਵਾਂ ਬਣਨ ਵਾਲਾ ਪੁਲ ਲਗਭਗ 60 ਮੀਟਰ ਲੰਮਾਂ ਅਤੇ 40 ਫੁੱਟ ਚੌੜਾ ਬਣੇਗਾ, ਜਿਸ ਉਪਰ 7 ਕਰੋੜ 80 ਲੱਖ ਰੁਪਏ ਦਾ ਖਰਚਾ ਆਵੇਗਾ ਅਤੇ ਇੱਕ ਸਾਲ ਦੇ ਅੰਦਰ ਅੰਦਰ ਪੁਲ ਬਣਾਕੇ ਲੋਕਾਂ ਲਈ ਚਾਲੂ ਕਰ ਦਿੱਤਾ ਜਾਵੇਗਾ। ਬੀਬੀ ਮਾਣੂੰਕੇ ਨੇ ਆਖਿਆ ਕਿ ਇਸ ਪੁਲ ਤੋਂ ਪਹਿਲਾਂ ਪਿੰਡ ਮਲਕ ਤੋਂ ਬੋਦਲਵਾਲਾ ਰਸਤੇ ਉਪਰ ਪੈਂਦੀ ਡਰੇਨ ਦੇ ਪੁਲ ਦਾ ਨਿਰਮਾਣ ਵੀ ਸ਼ੁਰੂ ਕਰਵਾਇਆ ਗਿਆ ਹੈ ਅਤੇ ਹਲਕੇ ਦੇ ਬਾਕੀ ਰਹਿੰਦੇ ਪੁਲ ਵੀ ਜਲਦੀ ਬਣਾਏ ਜਾਣਗੇ।
ਵਿਧਾਇਕਾ ਨੇ ਕਿਹਾ ਕਿ ਹਲਕੇ ਅੰਦਰ ਬਹੁਤ ਸਾਰੀਆਂ ਸੜਕਾਂ ਟੁੱਟ ਚੁੱਕੀਆਂ ਹਨ, ਜਿੰਨਾਂ ਦੇ ਨਿਰਮਾਣ ਲਈ ਉਹਨਾਂ ਵੱਲੋਂ ਹਲਕੇ ਦੀਆਂ ਰਿਪੇਅਰ ਕਰਨ ਵਾਲੀਆਂ ਅਤੇ 10 ਫੁੱਟ ਤੋਂ 18 ਫੁੱਟ ਤੱਕ ਚੌੜੀਆਂ ਕੀਤੀਆਂ ਜਾਣ ਵਾਲੀਆਂ ਸੜਕਾਂ ਸਬੰਧੀ ਪ੍ਰਪੋਜ਼ਲ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ, ਜਿਨ੍ਹਾਂ ਦੀ ਲਗਭਗ ਪ੍ਰਵਾਨਗੀ ਵੀ ਹੋ ਚੁੱਕੀ ਹੈ ਅਤੇ ਫੰਡ ਜਾਰੀ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਅਤੇ ਲੁਧਿਆਣਾ-ਫਿਰੋਜ਼ਪੁਰ ਰੋਡ ਤੋਂ ਗਾਲਿਬ-ਕੋਕਰੀ ਰੋਡ ਲੁਧਿਆਣਾ ਜ਼ਿਲ੍ਹੇ ਦੀ ਹੱਦ ਤੱਕ ਦੀ ਪ੍ਰਸ਼ਾਸ਼ਕੀ ਪ੍ਰਵਾਨਗੀ ਹੋ ਚੁੱਕੀ ਹੈ ਅਤੇ ਟੈਂਡਰਾਂ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਟੈਂਡਰਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਜਲਦੀ ਹੀ ਇਨ੍ਹਾਂ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਜਗਰਾਉਂ ਸ਼ਹਿਰ ਦੇ ਕਮਲ ਚੌਕ ਅਤੇ ਪੁਰਾਣੀ ਦਾਣਾ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਵੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਪੂਰੇ ਇਲਾਕੇ ਅੰਦਰ ਘੱਟ ਵੋਲਟੇਜ਼ ਦੀ ਸਮੱਸਿਆ ਹੱਲ ਕਰਨ ਲਈ ਗਿੱਦੜਵਿੰਡੀ ਤੋਂ ਇਲਾਵਾ ਪਿੰਡ ਕਾਉਂਕੇ ਕਲਾਂ ਅਤੇ ਭੰਮੀਪੁਰਾ ਵਿਖੇ ਵੀ ਨਵੇਂ 66 ਕੇਵੀ ਗਰਿੱਡ ਬਣਾਏ ਜਾਣਗੇ।