ਖੰਨਾ(Bipan Bhardwaj): ਇੱਕ ਪਾਸੇ ਪੰਜਾਬ ਸਰਕਾਰ ਨੇ ਬਿਜਲੀ ਦੀ ਬੱਚਤ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਲਈ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ ਸਾਢੇ 7 ਵਜੇ ਖੁੱਲਣ ਦਾ ਕੀਤਾ ਹੈ ਉੱਥੇ ਹੀ ਹਾਲੇ ਹੀ ਕਈ ਦਫ਼ਤਰਾਂ ਦਾ ਹਾਲ ਇਹ ਹੈ ਕਿ ਮੁਲਾਜ਼ਮ ਸਮੇਂ ਸਿਰ ਨਹੀਂ ਆ ਰਹੇ। 


ਲੇਟ ਆ ਕੇ ਬਚਣ ਦਾ ਲੱਭਿਆ ਹੋਇਆ ਹੈ ਜੁਗਾੜ !


ਖੰਨਾ ਦੇ ਬੀਡੀਪੀਓ ਦਫ਼ਤਰ ਵਿਖੇ ਕੁੱਲ 29 ਮੁਲਾਜ਼ਮਾਂ ਚੋਂ ਕੇਵਲ 2 ਹੀ ਸਮੇਂ ਸਿਰ ਆਏ। ਬੀਡੀਪੀਓ ਅਤੇ ਸੁਪਰਡੈਂਟ ਖੁਦ ਆ ਗਏ ਸੀ ਪ੍ਰੰਤੂ ਇਹਨਾਂ ਦਾ ਸਟਾਫ ਨਹੀਂ ਆਇਆ। ਦੂਜੇ ਪਾਸੇ ਇਹ ਵੀ ਦੇਖਣ ਨੂੰ ਮਿਲਿਆ ਕਿ ਲੇਟਲਤੀਫੀ ਵਾਲੇ ਮੁਲਾਜ਼ਮਾਂ ਲਈ ਇੱਕ ਖਾਸ ਸਹੂਲਤ ਰੱਖੀ ਹੋਈ ਸੀ। ਇਸ ਦਫ਼ਤਰ ਅੰਦਰ ਬਾਇਓ ਮੈਟ੍ਰਿਕ ਹਾਜ਼ਰੀ ਲੱਗਦੀ ਹੈ। ਲੇਟ ਆਉਣ ਵਾਲੇ ਮੁਲਾਜ਼ਮਾਂ ਨੇ ਆਪਣੇ ਬਚਾਅ ਲਈ ਰਜਿਸਟਰ 'ਚ ਹਾਜ਼ਰੀ ਲਾਉਣ ਦਾ ਇੰਤਜਾਮ ਕੀਤਾ ਹੋਇਆ ਸੀ ਅਤੇ ਇਹ ਕਿਹਾ ਗਿਆ ਕਿ ਮਸ਼ੀਨ ਕਈ ਵਾਰ ਫਿੰਗਰ ਪ੍ਰਿੰਟ ਨਹੀਂ ਚੱਕਦੀ। 


ਕਈਆਂ ਲਈ ਫ਼ੈਸਲਾ ਸਹੀ ਕਈਆਂ ਲਈ ਗ਼ਲਤ


ਲੇਟ ਆਉਣ ਵਾਲੀ ਇੱਕ ਮਹਿਲਾ ਮੁਲਾਜ਼ਮ ਨੇ ਕਿਹਾ ਕਿ ਬੱਚਿਆਂ ਨੂੰ ਸਕੂਲ ਛੱਡਣਾ ਸੀ। ਇਸ ਕਰਕੇ ਲੇਟ ਹੋ ਗਈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਕਈਆਂ ਲਈ ਸਹੀ ਹੈ ਅਤੇ ਕਈਆਂ ਲਈ ਗਲਤ। ਮੌਕੇ ਤੇ ਮੌਜੂਦ ਬੀਡੀਪੀਓ ਰਾਮਪਾਲ ਵੀ ਮੁਲਾਜ਼ਮਾਂ ਦੀ ਲੇਟਲਤੀਫੀ ਅੱਗੇ ਬੇਬਸ ਦਿਖੇ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਮੁਲਾਜ਼ਮਾਂ ਨੂੰ ਇਸ ਬਾਰੇ ਕਹਿ ਚੁੱਕੇ ਹਨ ਪਰ ਕਿਸੇ ਦੇ ਕੰਨ 'ਤੇ ਕੋਈ ਜੂੰ ਨਹੀਂ ਸਰਕਦੀ


ਪੰਜਾਬ ਸਰਕਾਰ ਨੇ ਬਦਲਿਆ ਸੀ ਸਰਕਾਰੀ ਦਫ਼ਤਰਾਂ ਦਾ ਸਮਾਂ


ਜ਼ਿਕਰ ਕਰ ਦਈਏ ਕਿ ਪੰਜਾਬ ਸਰਕਾਰ ਨੇ 2 ਮਈ ਤੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਦਿੱਤਾ ਸੀ, ਜੋ 15 ਜੁਲਾਈ ਤੱਕ ਦਾ ਪ੍ਰਸਤਾਵਿਤ ਹੈ ਤੇ ਇਸ ’ਚ ਵਾਧਾ ਵੀ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ ਸੀ। ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਸ ਸਿਸਟਮ ਨਾਲ ਸੂਬੇ ਵਿਚ ਕਰੋੜਾਂ ਰੁਪਏ ਦੀ ਬਿਜਲੀ ਦੀ ਬੱਚਤ ਹੋਵੇਗੀ। ਪੰਜਾਬ ਸਰਕਾਰ ਨੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7.30 ਵਜੇ ਤੋਂ 2 ਵਜੇ ਤੱਕ ਦਾ ਰੱਖਿਆ ਹੈ।